Raipur Students to Represent Punjab at National Wipro Earthian Award 2025 in Bengaluru
ਰੂਪਨਗਰ 28 ਜਨਵਰੀ: ਸਰਕਾਰੀ ਹਾਈ ਸਕੂਲ, ਰਾਏਪੁਰ (ਜ਼ਿਲ੍ਹਾ ਰੂਪਨਗਰ) ਨੇ ਰਾਸ਼ਟਰੀ ਪੱਧਰ ‘ਤੇ ਪੰਜਾਬ ਦਾ ਮਾਣ ਵਧਾਇਆ ਹੈ। ਸਕੂਲ ਦੀ ਟੀਮ 28 ਜਨਵਰੀ ਨੂੰ ਚੰਡੀਗੜ੍ਹ ਹਵਾਈ ਅੱਡੇ ਤੋਂ ਬੈਂਗਲੁਰੂ ਲਈ ਰਵਾਨਾ ਹੋਈ, ਜਿੱਥੇ 29, 30 ਅਤੇ 31 ਜਨਵਰੀ ਨੂੰ ਹੋਣ ਵਾਲੇ ਰਾਸ਼ਟਰੀ ਵਿਪਰੋ ਅਰਥੀਅਨ ਐਵਾਰਡ 2025 ਸਮਾਰੋਹ ਵਿੱਚ ਭਾਗ ਲਿਆ ਜਾਵੇਗਾ।

ਇਸ ਦੌਰਾਨ ਵਿਦਿਆਰਥੀ ਆਪਣੀ ਵਾਤਾਵਰਣ ਸੰਬੰਧੀ ਖੋਜ ਪ੍ਰੋਜੈਕਟ ਨੂੰ ਦੇਸ਼ ਦੇ ਪ੍ਰਸਿੱਧ ਮਾਹਿਰਾਂ ਸਾਹਮਣੇ ਪੇਸ਼ ਕਰਨਗੇ। ਅਧਿਆਪਕ ਸਰਦਾਰ ਜਗਜੀਤ ਸਿੰਘ ਦੀ ਰਹਿਨੁਮਾਈ ਹੇਠ ਅੰਮ੍ਰਿਤਪ੍ਰੀਤ ਕੌਰ, ਹਰਲੀਨ ਕੌਰ, ਜਸਲੀਨ ਕੌਰ, ਹਰਪ੍ਰੀਤ ਕੌਰ ਅਤੇ ਗਗਨਪ੍ਰੀਤ ਕੌਰ ‘ਤੇ ਆਧਾਰਿਤ ਇਹ ਟੀਮ ਪੰਜਾਬ ਤੋਂ ਇਕੱਲੀ ਟੀਮ ਰਹੀ, ਜਿਸ ਨੂੰ ਇਹ ਮਾਣਯੋਗ ਰਾਸ਼ਟਰੀ ਪੁਰਸਕਾਰ ਪ੍ਰਾਪਤ ਹੋਇਆ ਹੈ।

ਵਿਪਰੋ ਅਰਥੀਅਨ ਐਵਾਰਡ ਦੇਸ਼ ਦੇ ਪ੍ਰਮੁੱਖ ਮੰਚਾਂ ਵਿੱਚੋਂ ਇੱਕ ਹੈ, ਜੋ ਸਕੂਲੀ ਵਿਦਿਆਰਥੀਆਂ ਵਿੱਚ ਵਾਤਾਵਰਣੀਕ ਸੂਝਬੂਝ, ਟਿਕਾਊ ਵਿਕਾਸ ਅਤੇ ਖੋਜ ਅਧਾਰਿਤ ਸਿੱਖਿਆ ਨੂੰ ਉਤਸ਼ਾਹਿਤ ਕਰਦਾ ਹੈ। ਸਰਕਾਰੀ ਹਾਈ ਸਕੂਲ, ਰਾਏਪੁਰ ਦੀ ਇਹ ਪ੍ਰਾਪਤੀ ਨਾ ਸਿਰਫ਼ ਸਕੂਲ ਸਗੋਂ ਜ਼ਿਲ੍ਹਾ ਰੂਪਨਗਰ ਅਤੇ ਪੰਜਾਬ ਰਾਜ ਲਈ ਵੀ ਮਾਣ ਦੀ ਗੱਲ ਹੈ।
ਇਹ ਕਾਮਯਾਬੀ ਸਾਬਤ ਕਰਦੀ ਹੈ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵੀ ਰਾਸ਼ਟਰੀ ਪੱਧਰ ‘ਤੇ ਆਪਣੀ ਕਾਬਲਿਯਤ ਦਾ ਲੋਹਾ ਮਨਵਾ ਰਹੇ ਹਨ।




















