
ਦੇਸ਼ ਦੀ ਪ੍ਰਤਿਸ਼ਠਿਤ ਸਿਵਲ ਸੇਵਾਵਾਂ ਪ੍ਰੀਖਿਆ ਵਿੱਚ ਪੰਜਾਬ ਦੇ ਨੌਜਵਾਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਰਾਜ ਦਾ ਨਾਮ ਰੌਸ਼ਨ ਕੀਤਾ ਹੈ। ਇਸ ਵਾਰ ਦੇ ਨਤੀਜਿਆਂ ਵਿੱਚ ਪੰਜਾਬ ਦੀਆਂ ਪੰਜ ਕੁੜੀਆਂ ਅਤੇ ਦੋ ਮੁੰਡਿਆਂ ਨੇ ਵਧੀਆ ਰੈਂਕ ਹਾਸਲ ਕਰਕੇ ਕਾਮਯਾਬੀ ਦੀ ਨਵੀਂ ਮਿਸਾਲ ਕਾਇਮ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਿਮਰਨਦੀਪ ਕੌਰ (ਨਾਭਾ) ਨੇ 15ਵਾਂ ਰੈਂਕ ਹਾਸਲ ਕੀਤਾ ਹੈ। ਇਸੇ ਤਰ੍ਹਾਂ ਹਰਸਨੀਤ ਕੌਰ (ਪਟਿਆਲਾ) ਨੇ 51ਵਾਂ ਰੈਂਕ, ਰਾਖੀ ਚੌਧਰੀ (ਬਲਾਚੌਰ, ਨਵਾਂਸ਼ਹਿਰ) ਨੇ 65ਵਾਂ ਰੈਂਕ, ਸੁਨਵਰਦੀਪ ਸਿੰਘ ਮੰਡ (ਫਰੀਦਕੋਟ) ਨੇ 76ਵਾਂ ਰੈਂਕ, ਨਵਨੀਤ ਕੌਰ (ਬਠਿੰਡਾ) ਨੇ 111ਵਾਂ ਰੈਂਕ, ਆਕ੍ਰਿਤੀ ਸਿੰਗਲਾ (ਅਬੋਹਰ) ਨੇ 122ਵਾਂ ਰੈਂਕ ਅਤੇ ਅਮਨ ਅਰੁਣ (ਮੁਹਾਲੀ) ਨੇ 295ਵਾਂ ਰੈਂਕ ਪ੍ਰਾਪਤ ਕਰਕੇ ਪੰਜਾਬ ਦਾ ਮਾਣ ਵਧਾਇਆ ਹੈ।
ਇਹ ਸਾਰੇ ਹੋਣਹਾਰ ਨੌਜਵਾਨ ਆਪਣੀ ਮਿਹਨਤ, ਲਗਨ ਅਤੇ ਦ੍ਰਿੜ ਇਰਾਦੇ ਨਾਲ ਹੋਰ ਵਿਦਿਆਰਥੀਆਂ ਲਈ ਪ੍ਰੇਰਣਾ ਬਣੇ ਹਨ। ਉਨ੍ਹਾਂ ਦੀ ਇਸ ਕਾਮਯਾਬੀ ‘ਤੇ ਹਰ ਪਾਸੇ ਖੁਸ਼ੀ ਦਾ ਮਾਹੌਲ ਹੈ ਅਤੇ ਵੱਖ-ਵੱਖ ਵਰਗਾਂ ਵੱਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਪ੍ਰੇਮ ਕੁਮਾਰ ਮਿੱਤਲ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਇੰਦਰਜੀਤ ਸਿੰਘ ਅਤੇ ਪ੍ਰਿੰਸੀਪਲ ਡਾਇਟ ਰੂਪਨਗਰ ਨੇ ਵੀ ਇਹਨਾਂ ਨੌਜਵਾਨਾਂ ਨੂੰ ਵਧਾਈ ਦਿੰਦਿਆਂ ਵਿਦਿਆਰਥੀਆਂ ਨੂੰ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਨ ਦਾ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਕੜੀ ਮਿਹਨਤ ਨਾਲ ਹਰ ਵਿਦਿਆਰਥੀ ਆਪਣੀ ਮੰਜ਼ਿਲ ਹਾਸਲ ਕਰ ਸਕਦਾ ਹੈ।
ਸਿਵਲ ਸੇਵਾਵਾਂ ਵਿੱਚ ਕਾਮਯਾਬੀ ਹਾਸਲ ਕਰਨ ਵਾਲੇ ਇਹਨਾਂ ਸਾਰੇ ਨੌਜਵਾਨਾਂ ਨੂੰ ਦਿਲੋਂ ਵਧਾਈਆਂ ਅਤੇ ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।
















