
ਰੂਪਨਗਰ, 31 ਜਨਵਰੀ: ਸਹਾਇਕ ਡਾਇਰੈਕਟਰ ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ, ਸਕੂਲ ਸਿੱਖਿਆ ਵਿਭਾਗ ,ਪੰਜਾਬ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ, ਜਿਲ੍ਹਾ ਸਿੱਖਿਆ ਅਫਸਰ (ਸੈ: ਸਿ) ਸ੍ਰੀ ਸੰਜੀਵ ਗੌਤਮ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਉਪ ਜਿਲ੍ਹਾ ਸਿੱਖਿਆ ਅਫਸਰ ਸ: ਸੁਰਿੰਦਰਪਾਲ ਸਿੰਘ, ਰੂਪਨਗਰ ਅਤੇ ਜ਼ਿਲ੍ਹਾ ਸਾਇੰਸ ਕੋਆਰਡੀਨੇਟਰ ਸਤਨਾਮ ਸਿੰਘ ਦੀ ਦੇਖ-ਰੇਖ ਵਿੱਚ ਕਿਸ਼ੋਰ ਸਿੱਖਿਆ ਪ੍ਰੋਗਰਾਮ ਅਧੀਨ ਕਰਨ ਵਾਲੀਆਂ ਗਤੀਵਿਧੀਆਂ ਸਬੰਧੀ ਇਕ ਰੋਜ਼ਾ ਜ਼ਿਲ੍ਹਾ ਪੱਧਰੀ ਐਡਵੋਕੇਸੀ ਵਰਕਸ਼ਾਪ ਸਰਕਾਰੀ ਕਾਲਜ ਰੂਪਨਗਰ ਵਿਖੇ ਕਰਵਾਈ ਗਈ।
ਵਰਕਸ਼ਾਪ ਦਾ ਉਦਘਾਟਨ ਪ੍ਰਿੰਸੀਪਲ ਸ੍ਰੀ ਜਤਿੰਦਰ ਸਿੰਘ ਗਿੱਲ ਵਲੋਂ ਕੀਤਾ ਗਿਆ । ਉਨ੍ਹਾਂ ਵਲੋਂ ਇਸ ਮੌਕੇ ਸੰਬੋਧਨ ਕਰਦਿਆਂ ਦੱਸਿਆ ਕਿ, ਕਿਸ਼ੋਰ ਉਮਰ ਦੀ ਸਿੱਖਿਆ ਨੌਜਵਾਨ ਵਿਦਿਆਰਥੀਆਂ ਵਿਚ ਸਕਾਰਾਤਮਕ ਰਵੱਈਏ ਨੂੰ ਉਤਸ਼ਾਹਿਤ ਕਰਨ ਅਤੇ ਹੁਨਰ ਬਣਾਉਣ ਲਈ ਸਹੀ ਅਤੇ ਢੁਕਵੀਂ ਜਾਣਕਾਰੀ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦੀ ਹੈ ਜੋ ਉਹਨਾਂ ਨੂੰ ਰੋਜ਼ਾਨਾ ਜੀਵਨ ਦੇ ਤਜ਼ਰਬਿਆਂ ਦੇ ਜਵਾਬ ਵਿੱਚ ਉਚਿਤ ਢੰਗ ਨਾਲ ਕੰਮ ਕਰਨ ਵਿੱਚ ਮਦਦ ਪ੍ਰਦਾਨ ਕਰਦੀ ਹੈ । ਡਾ. ਗਿੱਲ ਵਲੋਂ ਅਧਿਆਪਕਾਂ ਨੂੰ ਕਿਸ਼ੋਰ ਸਿੱਖਿਆ ਦੇ ਉਦੇਸ਼ ਨੂੰ ਵਿਦਿਆਰਥੀਆਂ ਦੇ ਮਾਪਿਆਂ ਨਾਲ ਵੀ ਸਾਂਝਾਂ ਕਰਨ ਲਈ ਪ੍ਰੋਤਸਾਹਿਤ ਕੀਤਾ । ਸਿਵਲ ਹਸਪਤਾਲ ਰੂਪਨਗਰ ਤੋਂ ਬਲੱਡ ਟ੍ਰਾਂਫਿਉਜ਼ਨ ਅਫ਼ਸਰ ਡਾ. ਭਵਲੀਨ ਕੌਰ ਅਤੇ ਕੌਸਲਰ ਸ਼੍ਰੀਮਤੀ ਅਨੁਰਾਧਾ ਵਲੋਂ ਬਤੌਰ ਮੈਡੀਕਲ ਮਾਹਿਰ ਸ਼ਿਰਕਤ ਕੀਤੀ।

ਉਨ੍ਹਾਂ ਵਲੋਂ 10 ਸਾਲ ਦੀ ਉਮਰ ਤੋਂ 19 ਸਾਲ ਦੀ ਉਮਰ ਦੌਰਾਨ ਕਿਸ਼ੋਰ ਸਿੱਖਿਆ ਦੇ ਨੁਕਤਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਜ਼ਰੂਰਤ ਪੈਣ ਉਤੇ ਹਸਪਤਾਲ ਵਿਚ ਕਾਉਂਸਲਿੰਗ ਲੈਣ ਲਈ ਦੱਸਿਆl ਡਾ. ਪ੍ਰਭਲੀਨ ਕੌਰ ਵਲੋਂ ਹਰੇਕ ਵਿਅਕਤੀ ਨੂੰ ਆਪਣੀ ਜ਼ਿੰਦਗੀ ਵਿਚ ਘੱਟੋ-ਘੱਟ ਇਕ ਵਾਰ ਖੂਨਦਾਨ ਕਰਨ ਲਈ ਪ੍ਰਣ ਕਰਵਾਇਆ ਗਿਆ।
ਸਹਾਇਕ ਪ੍ਰੋਫੈਸਰ ਡਾ. ਗੁਰਪ੍ਰੀਤ ਕੌਰ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਆਨੰਦਪੁਰ ਸਾਹਿਬ ਬਤੌਰ ਵਲੋਂ ਰਿਸੋਰਸ ਪਰਸਨ ਸ਼ਿਰਕਤ ਕੀਤੀ । ਉਨ੍ਹਾਂ ਵਲੋਂ ਵਰਕਸ਼ਾਪ ਵਿਚ ਹਾਜ਼ਰ ਵਿਦਿਆਰਥੀਆਂ ਅਤੇ ਨੋਡਲ ਅਧਿਆਪਕਾਂ ਨੂੰ ਕਿਸ਼ੋਰ ਉਮਰ ਦੇ ਵਿਦਿਆਰਥੀਆਂ ਵਿਚ ਵੱਡੇ ਹੋਣ ਦੀ ਪ੍ਰਕਿਰਿਆ, ਐੱਚਆਈਵੀ/ਏਡਜ਼ ਬਾਰੇ ਵਿਦਿਆਰਥੀਆਂ ਨੂੰ ਸਹੀ ਗਿਆਨ ਪ੍ਰਦਾਨ ਕਰਨਾ, ਵਧਣ-ਫੁੱਲਣ ਦੀ ਪ੍ਰਕਿਰਿਆ, ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਪ੍ਰਤੀ ਸਿਹਤਮੰਦ ਰਵੱਈਏ ਅਤੇ ਜ਼ਿੰਮੇਵਾਰ ਵਿਵਹਾਰ ਨੂੰ ਵਿਕਸਿਤ ਕਰਨਾ ਅਤੇ ਕਰੀਅਰ ਚੇਤਨਾ ਬਾਰੇ ਵੀ ਚਾਨਣਾ ਪਾਇਆ।


















