National Education Day
ਭਾਰਤ ਵਿੱਚ ਹਰ ਸਾਲ 11 ਨਵੰਬਰ ਨੂੰ ਰਾਸ਼ਟਰੀ ਸਿੱਖਿਆ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਹ ਦਿਨ ਭਾਰਤ ਦੇ ਪਹਿਲੇ ਸਿੱਖਿਆ ਮੰਤਰੀ ਮੌਲਾਨਾ ਅਬੁਲ ਕਲਾਮ ਆਜ਼ਾਦ ਜੀ ਦੀ ਜਨਮ ਤਾਰੀਖ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਉਹ ਇਕ ਮਹਾਨ ਵਿਦਵਾਨ, ਰਾਸ਼ਟਰੀ ਆਗੂ, ਆਜ਼ਾਦੀ ਸੈਨਾਨੀ ਅਤੇ ਸਿੱਖਿਆ ਪ੍ਰੇਮੀ ਸਨ, ਜਿਨ੍ਹਾਂ ਨੇ ਭਾਰਤ ਦੀ ਆਜ਼ਾਦੀ ਤੋਂ ਬਾਅਦ ਦੇਸ਼ ਦੀ ਸਿੱਖਿਆ ਪ੍ਰਣਾਲੀ ਦੀ ਨੀਂਹ ਮਜ਼ਬੂਤ ਕੀਤੀ।
ਮੌਲਾਨਾ ਅਬੁਲ ਕਲਾਮ ਆਜ਼ਾਦ ਦਾ ਜਨਮ 11 ਨਵੰਬਰ 1888 ਨੂੰ ਮੱਕਾ (ਸਉਦੀ ਅਰਬ) ਵਿੱਚ ਹੋਇਆ ਸੀ। ਉਨ੍ਹਾਂ ਨੇ ਆਪਣੇ ਜੀਵਨ ਦਾ ਵੱਡਾ ਹਿੱਸਾ ਭਾਰਤ ਦੀ ਆਜ਼ਾਦੀ ਅਤੇ ਸਿੱਖਿਆ ਦੇ ਲਈ ਸਮਰਪਿਤ ਕੀਤਾ। ਆਜ਼ਾਦ ਜੀ ਨੇ ਵਿਸ਼ਵਾਸ ਕੀਤਾ ਕਿ ਸਿੱਖਿਆ ਹਰ ਵਿਅਕਤੀ ਦਾ ਮੁੱਖ ਅਧਿਕਾਰ ਹੈ ਅਤੇ ਬਿਨਾਂ ਸਿੱਖਿਆ ਦੇ ਕੋਈ ਵੀ ਰਾਸ਼ਟਰ ਤਰੱਕੀ ਨਹੀਂ ਕਰ ਸਕਦਾ। 1947 ਵਿੱਚ, ਉਹ ਆਜ਼ਾਦ ਭਾਰਤ ਦੇ ਪਹਿਲੇ ਸਿੱਖਿਆ ਮੰਤਰੀ ਬਣੇ ਅਤੇ 1958 ਵਿੱਚ ਆਪਣੀ ਮੌਤ ਤੱਕ ਇਸ ਅਹੁਦੇ ‘ਤੇ ਰਹੇ। ਆਪਣੇ ਕਾਰਜਕਾਲ ਦੌਰਾਨ, ਉਨ੍ਹਾਂ ਨੇ ਦੇਸ਼ ਦੇ ਵਿਕਾਸ ਲਈ ਸ਼ਾਨਦਾਰ ਕੰਮ ਕੀਤੇ। ਉਨ੍ਹਾਂ ਨੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (UGC) ਅਤੇ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (AICTE) ਦੀ ਸਥਾਪਨਾ , ਵਿਗਿਆਨਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ (CSIR), ਸਾਹਿਤ ਅਕਾਦਮੀ, ਲਲਿਤ ਕਲਾ ਅਕਾਦਮੀ, ਸੰਗੀਤ ਨਾਟਕ ਅਕਾਦਮੀ ਅਤੇ ਸੱਭਿਆਚਾਰਕ ਸਬੰਧਾਂ ਲਈ ਭਾਰਤੀ ਕੌਂਸਲ (ICCR) ਦੀ ਸਥਾਪਨਾ ਕੀਤੀ। ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (IIT) ਖੜਗਪੁਰ ਦੀ ਸ਼ੁਰੂਆਤ ਕੀਤੀ, ਜਿਸ ਨਾਲ ਭਾਰਤ ਦੀਆਂ ਪ੍ਰਮੁੱਖ ਤਕਨੀਕੀ ਸਿੱਖਿਆ ਸੰਸਥਾਵਾਂ ਦੀ ਨੀਂਹ ਰੱਖੀ ਗਈ।
ਰਾਸ਼ਟਰੀ ਸਿੱਖਿਆ ਦਿਵਸ ਦਾ ਮੁੱਖ ਉਦੇਸ਼ ਲੋਕਾਂ ਵਿੱਚ ਸਿੱਖਿਆ ਪ੍ਰਤੀ ਜਾਗਰੂਕਤਾ ਫੈਲਾਉਣਾ ਹੈ। ਇਸ ਦਿਨ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਿੱਖਿਆ ਦੀ ਮਹੱਤਤਾ ਬਾਰੇ ਪ੍ਰੇਰਿਤ ਕੀਤਾ ਜਾਂਦਾ ਹੈ। ਸਕੂਲਾਂ ਅਤੇ ਕਾਲਜਾਂ ਵਿੱਚ ਨਿਬੰਧ ਲੇਖਨ, ਭਾਸ਼ਣ ਮੁਕਾਬਲੇ, ਸੈਮੀਨਾਰ ਅਤੇ ਰੈਲੀਆਂ ਦਾ ਆਯੋਜਨ ਕੀਤਾ ਜਾਂਦਾ ਹੈ, ਜਿੱਥੇ ਸਿੱਖਿਆ ਦੀ ਭੂਮਿਕਾ ਤੇ ਚਰਚਾ ਹੁੰਦੀ ਹੈ।
ਮੌਲਾਨਾ ਆਜ਼ਾਦ ਜੀ ਦਾ ਸੁਪਨਾ ਸੀ ਕਿ ਹਰ ਬੱਚੇ ਤੱਕ ਸਿੱਖਿਆ ਪਹੁੰਚੇ ਅਤੇ ਕੋਈ ਵੀ ਦੇਸ਼ ਦਾ ਬੱਚਾ ਤੇ ਨੌਜਵਾਨ ਅਣਪੜ੍ਹ ਨਾ ਰਹੇ। ਇਸ ਲਈ ਰਾਸ਼ਟਰੀ ਸਿੱਖਿਆ ਦਿਵਸ ਸਾਨੂੰ ਯਾਦ ਦਵਾਉਂਦਾ ਹੈ ਕਿ ਸਿੱਖਿਆ ਸਿਰਫ਼ ਗਿਆਨ ਪ੍ਰਾਪਤ ਕਰਨ ਦਾ ਸਾਧਨ ਨਹੀਂ, ਸਗੋਂ ਇੱਕ ਰੋਸ਼ਨੀ ਹੈ ,ਜੋ ਜੀਵਨ ਦਾ ਰਾਹ ਸਹੀ ਦਿਸ਼ਾ ਵਿੱਚ ਮੋੜਦੀ ਹੈ। ਮੌਲਾਨਾ ਅਬੁਲ ਕਲਾਮ ਆਜ਼ਾਦ ਨੂੰ ਮਰਨ ਉਪਰੰਤ 1992 ਵਿੱਚ ਭਾਰਤ ਦੇ ਸਰਵਉੱਚ ਨਾਗਰਿਕ ਸਨਮਾਨ, ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹਨਾਂ ਦੁਆਰਾ ਸਿੱਖਿਆ ਦੀ ਕ੍ਰਾਂਤੀ ਲਈ ਕੀਤੇ ਯਤਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਸੋਹਨ ਸਿੰਘ ਚਾਹਲ , ਲੈਕਚਰਾਰ ਕਮਿਸਟਰੀ, ਸਰਕਾਰੀ ਆਦਰਸ਼ ਸਕੂਲ ਲੋਧੀਪੁਰ ਸ੍ਰੀ ਅਨੰਦਪੁਰ ਸਾਹਿਬ, ਰੂਪਨਗਰ। ਮੋ. 9463950475



















