
ਡਿਜੀਟਲ ਯੁੱਗ ਦੇ ਇਸ ਸਮੇਂ ਵਿਚ, ਜਦੋਂ ਹਰ ਕਿਸਮ ਦੀ ਜਾਣਕਾਰੀ ਸਿਰਫ ਇਕ ਕਲਿੱਕ ਦੀ ਦੂਰੀ ‘ਤੇ ਹੈ, ਲੋਕਾਂ ਨੇ ਅਕਸਰ ਲਾਇਬ੍ਰੇਰੀ ਦੀ ਮਹੱਤਤਾ ਨੂੰ ਘਟਾਏ ਜਾਣ ਦਾ ਖਦਸਾ ਜਤਾਇਆ ਹੈ। ਪਰ ਸੱਚ ਇਹ ਹੈ ਕਿ ਇਨਸਾਨੀ ਜ਼ਿੰਦਗੀ ਵਿਚ ਲਾਇਬ੍ਰੇਰੀਆਂ ਦੀ ਮਹੱਤਤਾ ਨਾ ਸਿਰਫ਼ ਭੂਤਕਾਲ ਵਿੱਚ ਸੀ, ਪਰ ਇਸ ਵਰਤਮਾਨ ਡਿਜੀਟਲ ਯੁੱਗ ਵਿੱਚ ਵੀ ਇਹ ਬਹੁਤ ਮਹੱਤਵਪੂਰਨ ਹਨ, ਅਤੇ ਭਵਿੱਖ ਵਿੱਚ ਵੀ ਇਨ੍ਹਾਂ ਦੀ ਮਹੱਤਤਾ ਕਾਇਮ ਰਹੇਗੀ। ਇਸ ਲਈ ਲਾਈਬ੍ਰੇਰੀ ਦੀ ਮਹਤਤਾ ਨੂੰ ਦਰਸਾਉਂਦੇ ਹੋਏ, 12 ਅਗਸਤ ਨੂੰ ਹਰ ਸਾਲ ਪਦਮਸ਼੍ਰੀ ਡਾ: ਐਸ.ਆਰ ਰੰਗਾਨਾਥਨ ਨੂੰ ਸਮਰਪਿਤ ਨੈਸ਼ਨਲ ਲਾਈਬ੍ਰੇਰੀ ਡੇਅ ਵਜੋਂ ਮਨਾਇਆ ਜਾਂਦਾ ਹੈ। ਇਹਨਾਂ ਨੂੰ ਲਾਈਬ੍ਰੇਰੀ ਸਾਇੰਸ ਦਾ ਪਿਤਾਮਾ ਵੀ ਕਿਹਾ ਜਾਂਦਾ ਹੈ। ਆਓ, ਇਸ ਲਾਇਬ੍ਰੇਰੀ ਦੀ ਮਹਤਤਾ ਨੂੰ ਦਰਸਾਉਂਦੇ ਹੋਏ ਵੱਖ-ਵੱਖ ਪਹਲੂਆਂ ਤੋਂ ਸਮਝਣ ਦੀ ਕੋਸ਼ਿਸ਼ ਕਰੀਏ।
ਇਤਿਹਾਸ ਦੇ ਪਿਛੋਕੜ ਤੇ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਕਿਤਾਬਾਂ ਅਤੇ ਲਾਈਬ੍ਰੇਰੀਆਂ ਦੀ ਸਾਡੇ ਸਮਾਜ ਵਿੱਚ ਕਿੰਨੀ ਜਿਆਦਾ ਅਹਿਮੀਅਤ ਸੀ। ਆਦਿ ਯੁੱਗ ਵਿੱਚ ਵੀ, ਜਦੋਂ ਸਾਰੀਆਂ ਜਾਣਕਾਰੀਆਂ ਲਿਖਤੀ ਰੂਪ ਵਿੱਚ ਮੌਜੂਦ ਸਨ, ਲੋਕਾਂ ਨੇ ਇਸਨੂੰ ਸੰਭਾਲਣ ਅਤੇ ਸਾਂਭਣ ਲਈ ਲਾਇਬ੍ਰੇਰੀਆਂ ਦੀ ਸਥਾਪਨਾ ਕੀਤੀ। ਮਹਾਨ ਲਾਇਬ੍ਰੇਰੀਆਂ, ਜਿਵੇਂ ਕਿ ਨਾਲੰਦਾ ਵਿਸ਼ਵਵਿਦਿਆਲਯ ਦੀ ਲਾਇਬ੍ਰੇਰੀ, ਵਿਦਿਆ ਅਤੇ ਗਿਆਨ ਦੇ ਕੇਂਦਰ ਰਹੀਆਂ ਹਨ। ਇਹਨਾਂ ਲਾਇਬ੍ਰੇਰੀਆਂ ਵਿੱਚ ਵਿਦਵਾਨਾਂ ਨੇ ਆਪਣੀ ਗਿਆਨ ਦੀ ਬੁੱਧੀ ਨੂੰ ਸਾਂਝਾ ਕੀਤਾ ਅਤੇ ਇਸਨੂੰ ਅੱਗੇ ਪਾਸ ਕੀਤਾ। ਨਾਲੰਦਾ ਵਿਸ਼ਵਵਿਦਿਆਲਯ ਦੀ ਲਾਇਬ੍ਰੇਰੀ, ਜੋ ਪੁਰਾਣੇ ਭਾਰਤ ਦੇ ਬਿਹਾਰ ਰਾਜ ਵਿੱਚ ਸਥਿਤ ਸੀ, ਵਿਸ਼ਵ ਦੀ ਸਭ ਤੋਂ ਮਹਾਨ ਅਤੇ ਪ੍ਰਾਚੀਨ ਲਾਇਬ੍ਰੇਰੀਆਂ ਵਿੱਚੋਂ ਇੱਕ ਸੀ। ਇਸਦੀ ਸਥਾਪਨਾ ਚੌਥੀ ਸਦੀ ਵਿੱਚ ਗੁਪਤ ਸ਼ਾਸਕ ਸਮੁੰਦ੍ਰਗੁਪਤ ਨੇ ਕੀਤੀ ਸੀ। ਨਾਲੰਦਾ ਵਿਸ਼ਵਵਿਦਿਆਲਯ ਵਿੱਚ 9 ਮੰਜ਼ਿਲਾਂ ਤੱਕ ਲਾਇਬ੍ਰੇਰੀਆਂ ਸਥਿਤ ਸਨ, ਜਿਨ੍ਹਾਂ ਵਿੱਚ ਲੱਖਾਂ ਦੀ ਗਿਣਤੀ ਵਿੱਚ ਪਾਂਡੁਲਿਪੀਆਂ, ਕਿਤਾਬਾਂ, ਅਤੇ ਗਿਆਨ ਨਾਲ ਭਰਪੂਰ ਸਾਡੇ ਪ੍ਰਾਚੀਨ ਗ੍ਰੰਥ ਸਨ। ਇਹ ਲਾਇਬ੍ਰੇਰੀ ਬੌਧ ਧਰਮ, ਤਰਕਸ਼ਾਸ਼ਤਰ, ਦਾਰਸ਼ਨਿਕਤਾ, ਮੈਡੀਸਿਨ ਅਤੇ ਗਣਿਤ ਵਰਗੇ ਵਿਸ਼ਿਆਂ ਦੇ ਵਿਸ਼ਾਲ ਗਿਆਨ ਨੂੰ ਸੰਭਾਲੀ ਹੋਈ ਸੀ। ਇਸਦਾ ਵਿਸ਼ਾਲ ਗਿਆਨ ਵਿਦਵਾਨਾਂ ਅਤੇ ਵਿਦਿਆਰਥੀਆਂ ਨੂੰ ਵਿਸ਼ਵ ਦੇ ਕੋਨੇ-ਕੋਨੇ ਤੋਂ ਆਕਰਸ਼ਿਤ ਕਰਦਾ ਸੀ। ਨਾਲੰਦਾ ਦੀ ਲਾਇਬ੍ਰੇਰੀ ਨਾ ਸਿਰਫ਼ ਇੱਕ ਗਿਆਨ ਦਾ ਕੇਂਦਰ ਸੀ, ਸਗੋਂ ਇਹ ਸਾਂਸਕ੍ਰਿਤਕ ਅਤੇ ਧਾਰਮਿਕ ਮੁੱਲਾਂ ਦੇ ਸੰਚਾਰ ਵਿੱਚ ਵੀ ਇੱਕ ਮਹੱਤਵਪੂਰਨ ਸਥਾਨ ਸੀ। ਦੁਖਦਾਈ ਤੱਥ ਇਹ ਹੈ ਕਿ 12ਵੀਂ ਸਦੀ ਵਿੱਚ ਬਖ਼ਤਿਆਰ ਖਿਲਜੀ ਦੇ ਆਕਰਮਣ ਦੌਰਾਨ ਇਸ ਲਾਇਬ੍ਰੇਰੀ ਨੂੰ ਨਸ਼ਟ ਕਰ ਦਿੱਤਾ ਗਿਆ, ਜਿਸ ਨਾਲ ਸਾਡਾ ਗਿਆਨ ਦਾ ਅਨਮੋਲ ਖਜਾਨਾ ਸਦਾ ਲਈ ਗੁਆਚ ਗਿਆ। ਨਾਲੰਦਾ ਦੀ ਲਾਇਬ੍ਰੇਰੀ ਦੀ ਵਿਰਾਸਤ ਅੱਜ ਵੀ ਵਿਦਿਆ ਦੇ ਪ੍ਰੇਮੀ ਲੋਕਾਂ ਨੂੰ ਪ੍ਰੇਰਿਤ ਕਰਦੀ ਹੈ।
ਇਹਨਾਂ ਲਾਇਬ੍ਰੇਰੀਆਂ ਨੇ ਸਮਾਜ ਨੂੰ ਗਿਆਨ ਦੇ ਮੂਲ ਸਰੋਤਾਂ ਤੱਕ ਪਹੁੰਚ ਦਿੱਤੀ। ਲਾਇਬ੍ਰੇਰੀਆਂ ਸਿੱਖਿਆ ਦੇ ਮੈਦਾਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਵਿਦਿਆਰਥੀਆਂ ਅਤੇ ਅਧਿਆਪਕਾਂ ਲਈ, ਲਾਇਬ੍ਰੇਰੀ ਇੱਕ ਅਨਮੋਲ ਸਰੋਤ ਹੈ। ਇਸ ਵਿੱਚ ਮੌਜੂਦ ਕਿਤਾਬਾਂ, ਪੱਤਿਰਕਾਵਾਂ, ਖੋਜ ਪੱਤਰ, ਅਤੇ ਹੋਰ ਸਾਮਗਰੀ ਵਿਦਿਆਰਥੀਆਂ ਨੂੰ ਅਧਿਐਨ ਦੇ ਵੱਖ-ਵੱਖ ਖੇਤਰਾਂ ਵਿੱਚ ਜਾਣਕਾਰੀ ਪ੍ਰਦਾਨ ਕਰਦੇ ਹਨ। ਇੱਕ ਲਾਇਬ੍ਰੇਰੀ ਵਿੱਚ, ਵਿਦਿਆਰਥੀ ਇੱਕ ਗੰਭੀਰ ਅਤੇ ਇੱਕਾਗਰ ਚਿੰਤ ਮਨ ਦੇ ਨਾਲ ਆਪਣੇ ਗਿਆਨ ਵਿੱਚ ਵਾਧਾ ਕਰ ਸਕਦਾ ਹੈ, ਜਿਸ ਨਾਲ ਉਹ ਆਪਣੀ ਸਮਰੱਥਾ ਨੂੰ ਉਚਾਈਆਂ ਤੱਕ ਲੈ ਜਾ ਸਕਦੇ ਹਨ। ਇਸ ਤਰ੍ਹਾਂ, ਲਾਇਬ੍ਰੇਰੀਆਂ ਸਿੱਖਿਆ ਦੇ ਘੇਰੇ ਨੂੰ ਮਜ਼ਬੂਤ ਕਰਦੀਆਂ ਹਨ।
ਲਾਇਬ੍ਰੇਰੀਆਂ ਨਾ ਸਿਰਫ ਵਿਦਿਆ ਦਾ ਕੇਂਦਰ ਹੁੰਦੀਆਂ ਹਨ, ਸਗੋਂ ਇਹ ਸਮਾਜ ਦਾ ਸੰਸਕ੍ਰਿਤਕ ਅਧਾਰ ਵੀ ਹੁੰਦੀਆਂ ਹਨ। ਇਹਨਾਂ ਵਿੱਚ ਸਥਾਨਕ ਕਲਾਕਾਰਾਂ, ਲੇਖਕਾਂ, ਅਤੇ ਕਵੀਆਂ ਦੀਆਂ ਰਚਨਾਵਾਂ ਸੰਭਾਲੀਆਂ ਜਾਂਦੀਆਂ ਹਨ। ਇਸ ਤਰ੍ਹਾਂ, ਲਾਇਬ੍ਰੇਰੀਆਂ ਸਾਂਸਕ੍ਰਿਤਿਕ ਗਿਆਨ ਨੂੰ ਸੁਰੱਖਿਅਤ ਰੱਖਦੀਆਂ ਹਨ ਅਤੇ ਸਮਾਜਕ ਸਮੱਗਰੀ ਦੀ ਪਹੁੰਚ ਲੋਕਾਂ ਤੱਕ ਪਹੁੰਚਾਉਂਦੀਆਂ ਹਨ। ਇਹ ਸਾਂਝੇ ਸਥਾਨ ਹੁੰਦੇ ਹਨ ਜਿੱਥੇ ਲੋਕ ਇਕੱਠੇ ਹੋ ਕੇ ਵਿਚਾਰ ਸਾਂਝੇ ਕਰਦੇ ਹਨ ਅਤੇ ਸਮਾਜਕ ਸਬੰਧ ਬਣਾਉਂਦੇ ਹਨ। ਡਿਜੀਟਲ ਯੁੱਗ ਦੇ ਆਗਮਨ ਨਾਲ, ਜਾਣਕਾਰੀ ਦੀ ਪਹੁੰਚ ਬੇਹੱਦ ਸੌਖੀ ਹੋ ਗਈ ਹੈ। ਇੰਟਰਨੈਟ ਦੇ ਮਾਧਿਅਮ ਨਾਲ, ਲੋਕ ਘਰ ਬੈਠੇ ਹੀ ਵੱਖ-ਵੱਖ ਵਿਸ਼ਿਆਂ ‘ਤੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਸ ਨਾਲ, ਕਈ ਲੋਕਾਂ ਨੂੰ ਲੱਗਦਾ ਹੈ ਕਿ ਲਾਇਬ੍ਰੇਰੀਆਂ ਦੀ ਲੋੜ ਹੁਣ ਘੱਟ ਗਈ ਹੈ। ਪਰ ਸੱਚ ਇਹ ਹੈ ਕਿ ਲਾਇਬ੍ਰੇਰੀਆਂ ਨੇ ਆਪਣਾ ਰੂਪ ਬਦਲਿਆ ਹੈ ਅਤੇ ਹੁਣ ਇਹਨਾਂ ਨੇ ਡਿਜੀਟਲ ਸਾਧਨਾਂ ਨੂੰ ਆਪਣੀ ਸੇਵਾਵਾਂ ਵਿੱਚ ਸ਼ਾਮਿਲ ਕੀਤਾ ਹੈ। ਅੱਜ ਦੀ ਲਾਇਬ੍ਰੇਰੀ ਵਿੱਚ, ਤੁਸੀਂ ਨਾ ਸਿਰਫ ਪ੍ਰਿੰਟ ਕੀਤਾ ਗਿਆ ਸਾਹਿਤ ਪ੍ਰਾਪਤ ਕਰ ਸਕਦੇ ਹੋ, ਸਗੋਂ ਡਿਜੀਟਲ ਕਿਤਾਬਾਂ, ਆਡੀਓ ਬੁੱਕਾਂ, ਅਤੇ ਹੋਰ ਡਿਜੀਟਲ ਮਾਧਿਅਮਾਂ ਦਾ ਵੀ ਇਸਤੇਮਾਲ ਕਰ ਸਕਦੇ ਹੋ।
ਲਾਇਬ੍ਰੇਰੀਆਂ ਖੋਜ ਅਤੇ ਵਿਕਾਸ ਦੇ ਖੇਤਰ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਵਿਦਵਾਨ ਅਤੇ ਖੋਜਕਰਤਾ ਇਨ੍ਹਾਂ ਦੀ ਸਹਾਇਤਾ ਨਾਲ ਆਪਣੀਆਂ ਖੋਜਾਂ ਨੂੰ ਅੱਗੇ ਵਧਾਉਂਦੇ ਹਨ। ਵੱਖ-ਵੱਖ ਖੇਤਰਾਂ ਵਿੱਚ ਹੋ ਰਹੀਆਂ ਤਾਜ਼ਾ ਖੋਜਾਂ ਦੀ ਜਾਣਕਾਰੀ ਇਨ੍ਹਾਂ ਲਾਇਬ੍ਰੇਰੀਆਂ ਵਿੱਚ ਮੌਜੂਦ ਹੁੰਦੀ ਹੈ। ਇਸ ਨਾਲ, ਖੋਜਕਰਤਾ ਆਪਣੀ ਖੋਜ ਨੂੰ ਅਧਿਕ ਪੱਕਾ ਅਤੇ ਵਿਸ਼ਵਾਸ ਯੋਗ ਬਣਾ ਸਕਦੇ ਹਨ। ਲਾਇਬ੍ਰੇਰੀਆਂ ਇੱਕ ਵਿਅਕਤੀ ਦੇ ਮਨੁੱਖੀ ਮੁੱਲਾਂ ਅਤੇ ਉਸ ਦੀਆਂ ਵਿਸ਼ੇਸ਼ਤਾਵਾਂ ਦੇ ਵਿਕਾਸ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਇਹਨਾਂ ਦਾ ਇੱਕ ਵਿਸ਼ੇਸ਼ ਮਾਹੌਲ ਹੁੰਦਾ ਹੈ, ਜਿੱਥੇ ਇੱਕ ਵਿਅਕਤੀ ਗੰਭੀਰਤਾ ਅਤੇ ਸ਼ਾਂਤੀ ਨਾਲ ਪੜ੍ਹ ਸਕਦਾ ਹੈ। ਇਹ ਮਾਹੌਲ ਇੱਕ ਵਿਅਕਤੀ ਨੂੰ ਸਵੈ-ਵਿਕਾਸ ਅਤੇ ਅਧਿਆਨ ਲਈ ਪ੍ਰੇਰਿਤ ਕਰਦਾ ਹੈ। ਇਸ ਨਾਲ, ਵਿਅਕਤੀ ਦੇ ਵਿਚਾਰਾਂ ਵਿੱਚ ਗਹਿਰਾਈ ਅਤੇ ਪਰਿਪੱਕਤਾ ਆਉਂਦੀ ਹੈ। ਲਾਇਬ੍ਰੇਰੀਆਂ ਦਾ ਨਿੱਜੀ ਅਤੇ ਪ੍ਰੋਫੈਸ਼ਨਲ ਜੀਵਨ ਵਿੱਚ ਵੀ ਅਹਿਮ ਰੋਲ ਹੁੰਦਾ ਹੈ। ਨਿੱਜੀ ਜੀਵਨ ਵਿੱਚ, ਲਾਇਬ੍ਰੇਰੀਆਂ ਮਾਨਸਿਕ ਸੁੱਖ ਅਤੇ ਸਾਂਤੀ ਪ੍ਰਦਾਨ ਕਰਦੀਆਂ ਹਨ। ਕਿਤਾਬਾਂ ਪੜ੍ਹਨ ਨਾਲ ਵਿਅਕਤੀ ਦਾ ਮਾਨਸਿਕ ਵਿਕਾਸ ਹੁੰਦਾ ਹੈ ਅਤੇ ਉਹਨਾਂ ਦੀ ਸੋਚਣ ਦੀ ਸ਼ਕਤੀ ਵਿੱਚ ਵਾਧਾ ਹੁੰਦਾ ਹੈ। ਪ੍ਰੋਫੈਸ਼ਨਲ ਜੀਵਨ ਵਿੱਚ, ਲਾਇਬ੍ਰੇਰੀਆਂ ਸਿਖਣ ਦੀ ਲਗਨ ਜਗਾਉਂਦੀਆਂ ਹਨ ਅਤੇ ਪ੍ਰੋਫੈਸ਼ਨਲ ਸਕਿਲਸ ਜਾਂ ਕੋਸ਼ਲ ਵਿੱਚ ਸੁਧਾਰ ਲਿਆਉਂਦੀਆਂ ਹਨ।
ਲਾਇਬ੍ਰੇਰੀਆਂ ਨੈਤਿਕ ਮੁੱਲਾਂ ਅਤੇ ਸੰਸਕਾਰਾਂ ਦੇ ਪ੍ਰਸਾਰ ਵਿੱਚ ਵੀ ਯੋਗਦਾਨ ਪਾਉਂਦੀਆਂ ਹਨ। ਕਿਤਾਬਾਂ ਅਤੇ ਸਾਹਿਤ ਦੇ ਰੂਪ ਵਿੱਚ ਇਹਨਾਂ ਵਿੱਚ ਸਮਾਜਿਕ ਮੁੱਲਾਂ ਅਤੇ ਨੈਤਿਕ ਸੰਸਕਾਰਾਂ ਦੀ ਜਾਣਕਾਰੀ ਹੁੰਦੀ ਹੈ। ਇਹਨਾਂ ਦਾ ਪਾਠ ਪੜ੍ਹ ਕੇ ਲੋਕ ਆਪਣੀਆਂ ਜੀਵਨ ਮੁੱਲਾਂ ਨੂੰ ਮਜ਼ਬੂਤ ਕਰ ਸਕਦੇ ਹਨ ਅਤੇ ਇੱਕ ਸਭਿਅਕ ਅਤੇ ਨੈਤਿਕ ਸਮਾਜ ਦੀ ਸਥਾਪਨਾ ਵਿੱਚ ਯੋਗਦਾਨ ਪਾ ਸਕਦੇ ਹਨ। ਲਾਇਬ੍ਰੇਰੀਆਂ ਨਵੀਂ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ ਹੁੰਦੀਆਂ ਹਨ। ਨੌਜਵਾਨਾਂ ਨੂੰ ਪੜ੍ਹਨ ਅਤੇ ਸਿੱਖਣ ਦੀ ਲਗਨ ਲਾਉਣ ਲਈ, ਲਾਇਬ੍ਰੇਰੀਆਂ ਇੱਕ ਉਤਸ਼ਾਹ ਦਿੰਦੀਆਂ ਹਨ। ਇਹਨਾਂ ਦਾ ਸੰਪਰਕ ਨੌਜਵਾਨਾਂ ਨੂੰ ਸਿਖਾਉਂਦਾ ਹੈ ਕਿ ਕਿਵੇਂ ਉਹਨਾਂ ਨੂੰ ਪੜ੍ਹਾਈ ਅਤੇ ਗਿਆਨ ਦੇ ਖੇਤਰ ਵਿੱਚ ਅੱਗੇ ਵੱਧਣਾ ਚਾਹੀਦਾ ਹੈ।


















