Deputy Commissioner visited potential flood-affected areas and reviewed arrangements
ਸ੍ਰੀ ਅਨੰਦਪੁਰ ਸਾਹਿਬ/ਨੰਗਲ, 03 ਜੁਲਾਈ: ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਰਜੀਤ ਵਾਲੀਆ ਨੇ ਅੱਜ ਸੰਭਾਵੀ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ ਲੈਣ, ਹੜ੍ਹ ਰੋਕੂ ਪ੍ਰਬੰਧਾਂ ਦੀਆਂ ਅਗਾਓਂ ਤਿਆਰੀਆਂ ਦਾ ਜ਼ਮੀਨੀ ਪੱਧਰ ‘ਤੇ ਨਿਰੀਖਣ ਕਰਨ ਅਤੇ ਆਮ ਲੋਕਾਂ ਦੇ ਜਾਨ ਮਾਲ ਤੇ ਪਸ਼ੂ ਧਨ ਦੀ ਰਾਖੀ ਲਈ ਹੜਾਂ ਤੋਂ ਰੋਕਥਾਮ ਵਾਸਤੇ ਕੀਤੇ ਅਗਾਓ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਸਬੰਧਿਤ ਅਧਿਕਾਰੀਆਂ ਨੂੰ ਹੋਰ ਲੋੜੀਂਦੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ।
ਡਿਪਟੀ ਕਮਿਸ਼ਨਰ ਨੇ ਭੱਲੜੀ, ਅਗੰਮਪੁਰ, ਸ਼ਾਹਪੁਰ ਬੇਲਾ, ਖੱਡ ਬਠਲੋਰ ਆਦਿ ਥਾਵਾਂ ਦਾ ਦੌਰਾ ਕਰਨ ਮੌਕੇ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪ੍ਰਸ਼ਾਸਨ ਸੰਭਾਵੀ ਹੜ੍ਹਾਂ ਦੀ ਸਥਿਤੀ ‘ਤੇ ਪੂਰੀ ਚੌਕਸੀ ਰੱਖ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਾੜਾਂ ਵਿਚ ਹੋਣ ਵਾਲੀ ਭਾਰੀ ਬਰਸਾਤ, ਭਾਖੜਾ ਡੈਮ ਵਿਚ ਪਾਣੀ ਦੀ ਆਮਦ ਅਤੇ ਸਤਲੁਜ ਤੇ ਸਵਾਂ ਨਦੀ ਵਿਚ ਪਾਣੀ ਦੇ ਪੱਧਰ ‘ਤੇ ਨਿਰੰਤਰ ਨਜ਼ਰ ਰੱਖੀ ਜਾ ਰਹੀ ਹੈ।
ਸ਼੍ਰੀ ਵਰਜੀਤ ਵਾਲੀਆ ਨੇ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਜਿਹੜੇ ਇਲਾਕੇ ਹੜ੍ਹ ਦੀ ਮਾਰ ਵਿਚ ਆਉਂਦੇ ਰਹੇ ਹਨ ਅਤੇ ਜਿਹੜੇ-ਜਿਹੜੇ ਖੇਤਰਾਂ ਵਿਚ ਹੜ੍ਹ ਕਾਰਨ ਨੁਕਸਾਨ ਹੋਇਆ ਹੈ, ਉਹ ਸਾਰੇ ਖੇਤਰਾਂ/ਸਥਾਨਾਂ ਦੀ ਜ਼ਮੀਨੀ ਪੱਧਰ ‘ਤੇ ਜਾਂਚ ਕਰਕੇ ਉਥੇ ਲੋੜੀਂਦੇ ਪ੍ਰਬੰਧ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦੇ ਦਿੱਤੇ ਹਨ।
ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਵਿਚ ਬਰਸਾਤੀ ਨਾਲਿਆਂ, ਖੱਡਾਂ, ਸੂਏ, ਕੱਸੀਆਂ, ਪੁਲੀਆਂ ਤੇ ਨਿਕਾਸੀ ਨਾਲਿਆਂ ਵਿਚ ਹੋਣ ਵਾਲੀ ਰੁਕਾਵਟ ਅਕਸਰ ਹੀ ਹੜ੍ਹ ਦਾ ਕਾਰਨ ਬਣਦੀ ਹੈ। ਪ੍ਰਸ਼ਾਸਨ ਵੱਲੋਂ ਇਸ ਦੇ ਲਈ ਸਬੰਧਿਤ ਅਧਿਕਾਰੀਆਂ ਨੂੰ ਪੂਰੀ ਤਰਾਂ ਢੁੱਕਵੇ ਪ੍ਰਬੰਧ ਮੁਕੰਮਲ ਰੱਖਣ ਲਈ ਆਦੇਸ਼ ਦਿੱਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੋਜੂਦਾ ਸਮੇਂ ਤੱਕ ਪਾਣੀ ਦਾ ਪੱਧਰ ਠੀਕ ਹੈ, ਕਿਸੇ ਵੀ ਤਰ੍ਹਾਂ ਦੇ ਖਤਰੇ ਦੀ ਸੰਭਾਵਨਾ ਨਹੀ ਹੈ, ਪ੍ਰੰਤੂ ਪ੍ਰਸ਼ਾਸਨ ਦੀ ਜਿੰਮੇਵਾਰੀ ਹੈ ਕਿ ਅਗਾਓਂ ਸਾਰੇ ਪ੍ਰਬੰਧ ਮੁਕੰਮਲ ਰੱਖੇ ਜਾਣ ਤਾਂ ਜੋ ਹਰ ਤਰ੍ਹਾਂ ਦੀ ਸਥਿਤੀ ਨਾਲ ਸਮੇਂ ਸਿਰ ਨਜਿੱਠਿਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਬਰਸਾਤ ਦੇ ਸੀਜਨ ਦੌਰਾਨ ਪੂਰੀ ਚੋਕਸੀ ਰੱਖਣ ਅਤੇ ਬੁਨਿਆਦੀ ਸਹੂਲਤਾਂ ਦੀ ਨਿਰੰਤਰ ਸਪਲਾਈ ਬਹਾਲ ਰੱਖਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਪਿਛਲੇ ਸਾਲਾਂ ਦੌਰਾਨ ਹ੍ਰੜ੍ਹ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ ਲਿਆ ਅਤੇ ਉਥੇ ਮੋਜੂਦਾ ਹਾਲਾਤ ਵਿਚ ਕੀਤੇ ਪ੍ਰਬੰਧਾਂ ‘ਤੇ ਮੁਰੰਮਤ ਦਾ ਨਿਰੀਖਣ ਕੀਤਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਚੰਦਰਜਯੋਤੀ ਸਿੰਘ, ਮੁੱਖ ਮੰਤਰੀ ਫੀਲਡ ਅਫ਼ਸਰ ਅਭਿਮਿਨਯੂ ਮਲਿਕ, ਆਰਟੀਏ ਗੁਰਵਿੰਦਰ ਸਿੰਘ ਜੌਹਲ, ਐਸਡੀਐਮ ਸਚਿਨ ਪਾਠਕ, ਐਕਸੀਅਨ ਮਾਈਨਿੰਗ ਤੁਸ਼ਾਰ ਗੋਇਲ ਅਤੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ।
ਰੋਪੜ ਪੰਜਾਬੀ ਨਿਊਜ਼