ਜਲਵਾਯੂ ਪਰਿਵਰਤਨ – ਧਰਤੀ ਦਾ ਬਦਲਦਾ ਚਿਹਰਾ

Climate Change - The Changing Face of the Earth

Climate Change – The Changing Face of the Earth

ਕਦੇ ਇਹ ਧਰਤੀ ਸੁੰਦਰ ਗੀਤ ਗਾਉਂਦੀ ਸੀ ਪੰਛੀਆਂ ਦੀਆਂ ਧੁਨਾਂ ਵਿੱਚ, ਹਵਾ ਦੇ ਝੋਕੇ ਵਿੱਚ, ਤੇ ਵਰਖਾ ਦੀਆਂ ਬੂੰਦਾਂ ਵਿੱਚ ਜੀਵਨ ਦਾ ਸੁਨੇਹਾ ਹੁੰਦਾ ਸੀ। ਅੱਜ ਉਹੀ ਧਰਤੀ ਖਾਮੋਸ਼ ਹੈ ਗਰਮੀ ਦੀ ਤਪਸ਼, ਹੜਾਂ, ਅਤੇ ਸੋਕੇ ਦੇ ਦਰਦ ਨਾਲ, ਇਹ ਖਾਮੋਸ਼ੀ ਕਿਸੇ ਦੂਰ ਦੇ ਭਵਿੱਖ ਦੀ ਨਹੀਂ ਸਾਡੀ ਅਜੋਕੀ ਹਕੀਕਤ ਹੈ। ਇਹ ਹੈ ਜਲਵਾਯੂ ਪਰਿਵਰਤਨ ਧਰਤੀ ਦੇ ਮੌਸਮ, ਜੀਵਨ ਤੇ ਸੰਤੁਲਨ ਨੂੰ ਹੌਲੀ-ਹੌਲੀ ਨਿਗਲਦੀ ਹੋਈ ਸੱਚਾਈ। ਧਰਤੀ ਜਿਸ ਨੇ ਸਾਨੂੰ ਜੀਵਨ ਦਿੱਤਾ, ਹਵਾ, ਪਾਣੀ ਤੇ ਹਰਿਆਲੀ ਦਿੱਤੀ ਅੱਜ ਖਾਮੋਸ਼ੀ ਨਾਲ ਸਾਨੂੰ ਇਕ ਚੇਤਾਵਨੀ ਦੇ ਰਹੀ ਹੈ।

ਇਹ ਚੇਤਾਵਨੀ ਹੈ “ਜਲਵਾਯੂ ਪਰਿਵਰਤਨ” ਦੀ ਇਹ ਇਕ ਐਸੀ ਸਮੱਸਿਆ ਜੋ ਨਾ ਸਿਰਫ਼ ਮੌਸਮ, ਸਗੋਂ ਮਨੁੱਖਤਾ ਦੇ ਭਵਿੱਖ ਨੂੰ ਵੀ ਬਦਲ ਰਹੀ ਹੈ। ਜਦੋਂ ਧਰਤੀ ਦਾ ਔਸਤ ਤਾਪਮਾਨ ਲਗਾਤਾਰ ਵੱਧਦਾ ਹੈ, ਮੌਸਮ ਦੇ ਰੁਝਾਨ ਬਦਲ ਜਾਂਦੇ ਹਨ ਜਿਵੇਂ ਕਿ ਬਾਰਿਸ਼ ਦਾ ਸਮਾਂ ਗਲਤ ਹੋਣਾ, ਗਰਮੀ ਦਾ ਵੱਧਣਾ, ਹਿਮਾਚਲ ਖੇਤਰਾਂ ‘ਚ ਬਰਫ਼ ਦਾ ਪਿਘਲਣਾ ਇਹ ਸਾਰੇ ਜਲਵਾਯੂ ਪਰਿਵਰਤਨ ਦੇ ਨਤੀਜੇ ਹਨ। ਵਿਗਿਆਨਕ ਤੱਥ ਕਹਿੰਦੇ ਹਨ ਕਿ ਉਦਯੋਗਿਕ ਕਾਲ (1850–1900) ਤੋਂ ਲੈ ਕੇ ਅੱਜ ਤੱਕ ਧਰਤੀ ਦਾ ਤਾਪਮਾਨ 1.1°C ਵੱਧ ਚੁੱਕਾ ਹੈ। ਇਹ ਅੰਕ ਛੋਟਾ ਲੱਗਦਾ ਹੈ, ਪਰ ਇਸ ਦੇ ਨਤੀਜੇ ਸਮੁੰਦਰਾਂ ਦੇ ਉਫਾਨ, ਗਲੇਸ਼ੀਅਰਾਂ ਦੇ ਪਿਘਲਣ ਤੇ ਜਾਨਵਰਾਂ ਦੇ ਲੁਪਤ ਹੋਣ ਵਜੋਂ ਸਾਹਮਣੇ ਆ ਰਹੇ ਹਨ। ਨਾਸਾ NASA ਦੇ ਅਨੁਸਾਰ, ਪਿਛਲੇ ਦੱਸ ਸਾਲ (2014–2023) ਮਨੁੱਖੀ ਇਤਿਹਾਸ ਦੇ ਸਭ ਤੋਂ ਗਰਮ ਸਾਲ ਰਹੇ ਹਨ। ਸਮੁੰਦਰ ਪਿਛਲੇ 100 ਸਾਲਾਂ ਵਿੱਚ ਲਗਭਗ 20 ਸੈਂਟੀਮੀਟਰ (8 ਇੰਚ) ਉੱਚੇ ਹੋ ਚੁੱਕੇ ਹਨ। IPCC (ਇੰਟਰਗਵਰਨਮੈਂਟਲ ਪੈਨਲ ਆਨ ਕਲਾਈਮੇਟ ਚੇਂਜ) ਦੀ ਰਿਪੋਰਟ ਅਨੁਸਾਰ, ਜੇ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਵਿੱਚ ਕਮੀ ਨਾ ਕੀਤੀ ਗਈ, ਤਾਂ ਸੰਨ 2100 ਤੱਕ ਇਹ ਵਾਧਾ 60 ਸੈਂਟੀਮੀਟਰ ਤੋਂ ਵੱਧ ਹੋ ਸਕਦਾ ਹੈ। ਇਸ ਨਾਲ ਤੱਟੀ ਖੇਤਰਾਂ ਦੇ ਕਰੋੜਾਂ ਲੋਕਾਂ ਨੂੰ ਆਪਣੇ ਘਰ ਛੱਡਣੇ ਪੈ ਸਕਦੇ ਹਨ। ਹਿਮਾਲਿਆ, ਆਰਕਟਿਕ ਤੇ ਐਂਟਾਰਕਟਿਕਾ ਦੇ ਗਲੇਸ਼ੀਅਰ ਪ੍ਰਤੀ ਸਾਲ 270 ਬਿਲੀਅਨ ਟਨ ਬਰਫ਼ ਗੁਆ ਰਹੇ ਹਨ। ਇਹ ਬਰਫ਼ ਦਾ ਪਿਘਲਣਾ ਸਿਰਫ਼ ਪਾਣੀ ਦਾ ਵਾਧਾ ਨਹੀਂ, ਇਹ ਪੂਰੇ ਪਰਿਸਥਿਤੀਕੀ ਤੰਤ੍ਰ ਲਈ ਖ਼ਤਰੇ ਦੀ ਘੰਟੀ ਹੈ। ਹਿਮਾਲੀਆਈ ਨਦੀਆਂ ‘ਚ ਵਧਦਾ ਪਾਣੀ ਪਹਿਲਾਂ ਹੜਾਂ ਤੇ ਫਿਰ ਸੋਕੇ ਦੀ ਤਬਾਹੀ ਲਿਆ ਰਿਹਾ ਹੈ। ਇਹ ਸਿਰਫ਼ ਤਾਪਮਾਨ ਦਾ ਨਹੀਂ, ਮਨੁੱਖੀ ਜੀਵਨ ਦੇ ਹਰੇਕ ਪਹਿਲੂ ਦਾ ਸੰਕਟ ਹੈ।

     ਜਲਵਾਯੂ ਪਰਿਵਰਤਨ ਦੇ ਮੁੱਖ ਕਾਰਨ ਹਨ

ਫੈਕਟਰੀਆਂ ਤੇ ਵਾਹਨਾਂ ਤੋਂ ਨਿਕਲਦਾ ਕਾਰਬਨ ਡਾਈਆਕਸਾਈਡ,ਜੰਗਲਾਂ ਦੀ ਕਟਾਈ,ਕੋਇਲਾ, ਡੀਜ਼ਲ ਤੇ ਪੈਟਰੋਲ ਵਾਹਨਾਂ ਦੀ ਜਿਆਦਾ ਵਰਤੋਂ,ਪਲਾਸਟਿਕ ਤੇ ਕੂੜਾ ਕਰਕਟ ਸਾੜਨਾ,ਬੇਤਹਾਸ਼ਾ ਸ਼ਹਿਰੀਕਰਨ ਤੇ ਬੇਸਮਝ ਵਿਕਾਸ। ਇਹ ਸਾਰੇ ਕਾਰਕ ਮਿਲ ਕੇ ਧਰਤੀ ਨੂੰ “ਗ੍ਰੀਨਹਾਊਸ ਗੈਸਾਂ” ਦੇ ਕਵਚ ਵਿੱਚ ਲਪੇਟ ਰਹੇ ਹਨ ਜਿਸ ਨਾਲ ਧਰਤੀ ਦੀ ਗਰਮੀ ਫਸ ਕੇ ਰਹਿ ਜਾਂਦੀ ਹੈ।

     ਜਲਵਾਯੂ ਪਰਿਵਰਤਨ ਦਾ ਅਸਰ

ਹਿਮਾਲਿਆ ਦੇ ਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਹੇ ਹਨ ਦੱਖਣੀ ਭਾਰਤ ਤੇ ਤੱਟੀ ਖੇਤਰਾਂ ‘ਚ ਹੜਾਂ ਦਾ ਖ਼ਤਰਾ ਵੱਧ ਗਿਆ ਹੈ। ਜਲਵਾਯੂ ਪਰਿਵਰਤਨ ਦਾ ਸਭ ਤੋਂ ਵੱਧ ਅਸਰ ਖੇਤੀ ਤੇ ਵੀ ਪੈ ਰਿਹਾ ਹੈ। ਅਣਛੁਤੀ ਬਾਰਿਸ਼, ਲੰਬੀ ਗਰਮੀ ਤੇ ਬਦਲਦਾ ਮੌਸਮ ਫਸਲਾਂ ਦੀ ਉਪਜ ਨੂੰ ਘਟਾ ਰਿਹਾ ਹੈ। ਪੌਦੇ ਤੇ ਜਾਨਵਰਾਂ ਦੀਆਂ ਕਈ ਪ੍ਰਜਾਤੀਆਂ ਖਤਮ ਹੋ ਰਹੀਆਂ ਹਨ। ਇਸਦਾ ਸਭ ਤੋਂ ਵੱਧ ਅਸਰ ਮਨੁੱਖੀ ਸਿਹਤ ‘ਤੇ ਪੈ ਰਿਹਾ ਹੈ। ਵਧਦੇ ਤਾਪਮਾਨ ਨਾਲ ਹੀਟ ਸਟ੍ਰੋਕ, ਡੀਹਾਈਡਰੇਸ਼ਨ, ਅਤੇ ਬਲੱਡ ਪ੍ਰੈਸ਼ਰ ਦੇ ਮਾਮਲੇ ਵੱਧ ਰਹੇ ਹਨ। ਖਾਸ ਕਰਕੇ ਬਜ਼ੁਰਗ ਅਤੇ ਬੱਚੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ। ਹਵਾ ਦੀ ਗੁਣਵੱਤਾ ਵਿੱਚ ਕਮੀ ਦੇ ਕਾਰਨ ਧੂੰਆਂ, ਧੂੜ ਅਤੇ ਪ੍ਰਦੂਸ਼ਿਤ ਗੈਸਾਂ ਨਾਲ ਅਸਥਮਾ, ਫੇਫੜਿਆਂ ਦੇ ਰੋਗ ਅਤੇ ਦਿਲ ਦੀਆਂ ਬਿਮਾਰੀਆਂ ਵਧ ਰਹੀਆਂ ਹਨ। ਗਰਮ ਮੌਸਮ ‘ਚ ਮੱਛਰਾਂ ਦਾ ਜੀਵਨ ਚੱਕਰ ਲੰਮਾ ਹੋ ਗਿਆ ਹੈ, ਜਿਸ ਨਾਲ ਡੇਂਗੂ, ਮਲੇਰੀਆ, ਚਿਕਨਗੁਨਿਆ ਵਰਗੀਆਂ ਬਿਮਾਰੀਆਂ ਵੱਧ ਰਹੀਆਂ ਹਨ।

ਭਵਿੱਖ ਵਿੱਚ ਜਲਵਾਯੂ ਪਰਿਵਰਤਨ ਨਾਲ ਧਰਤੀ ਦਾ ਤਾਪਮਾਨ 2°C ਤੋਂ 4°C ਤੱਕ ਵੱਧ ਸਕਦਾ ਹੈ। ਇਸ ਨਾਲ ਗਰਮੀਆਂ ਬਹੁਤ ਤੇਜ਼ ਹੋਣਗੀਆਂ, ਹੀਟਵੇਵਜ਼ ਵੱਧਣਗੀਆਂ ਅਤੇ ਰਾਤਾਂ ਵੀ ਠੰਢੀਆਂ ਨਹੀਂ ਰਹਿਣਗੀਆਂ। ਮਨੁੱਖੀ ਸਿਹਤ ‘ਤੇ ਖਤਰਾ, ਹੀਟਸਟ੍ਰੋਕ ਅਤੇ ਕਈ ਬਿਮਾਰੀਆਂ ਵੱਧਣਗੀਆਂ। ਵਰਖਾ ਵਿੱਚ ਅਸਥਿਰਤਾ ਆਉਣ ਕਰਕੇ ਪਾਣੀ ਦਾ ਸੰਕਟ ਵੱਧੇਗਾ। ਧਰਤੀ ਹੇਠਲਾ ਪਾਣੀ ਤੇਜ਼ੀ ਨਾਲ ਘਟੇਗਾ ਖਾਸ ਕਰਕੇ ਪੰਜਾਬ ਵਰਗੇ ਖੇਤਰਾਂ ਵਿੱਚ।ਖੇਤੀਬਾੜੀ, ਉਦਯੋਗ, ਟੂਰਿਜ਼ਮ, ਪਾਣੀ, ਬਿਜਲੀ ਸਭ ਸੈਕਟਰ ਪ੍ਰਭਾਵਿਤ ਹੋਣਗੇ। ਭਵਿੱਖ ਵਿੱਚ ਦੇਸ਼ਾਂ ਨੂੰ ਜਲਵਾਯੂ ਸੰਕਟ ਨਾਲ ਨਜਿੱਠਣ ਲਈ ਬਹੁਤ ਵੱਡੀ ਰਕਮ ਖਰਚਣੀ ਪਵੇਗੀ। WHO ਦੇ ਅਨੁਸਾਰ, 2030 ਤੋਂ 2050 ਦਰਮਿਆਨ ਜਲਵਾਯੂ ਪਰਿਵਰਤਨ ਕਾਰਨ ਹਰ ਸਾਲ 2.5 ਲੱਖ ਤੋਂ ਵੱਧ ਮੌਤਾਂ ਹੋ ਸਕਦੀਆਂ ਹਨ, ਗਰਮੀ ਦੀ ਲਹਿਰਾਂ, ਮਲੇਰੀਆ, ਡੇਂਗੂ ਅਤੇ ਪਾਣੀ-ਜਨਤ ਰੋਗਾਂ ਕਾਰਨ।

     ਅਸੀਂ ਜਲਵਾਯੁ ਪਰਿਵਰਤਨ ਘੱਟ ਕਰਨ ਲਈ ਕੀ ਕਰ ਸਕਦੇ ਹਾਂ?

ਹਰ ਵਿਦਿਆਰਥੀ ਹਰ ਸਾਲ ਘੱਟੋ ਘੱਟ ਇੱਕ ਰੁੱਖ ਜਰੂਰ ਲਗਾਏ,ਬਿਜਲੀ ਤੇ ਪਾਣੀ ਦੀ ਬਚਤ ਜਿੰਨੀ ਹੋ ਸਕੇ ਕਰੋ,ਸਾਈਕਲ ਜਾਂ ਪੈਦਲ ਚਲਣ ਦੀ ਆਦਤ ਪਾਓ, ਪਲਾਸਟਿਕ ਦੀ ਥੈਲੀ ਨਹੀਂ -ਕੱਪੜੇ ਜਾਂ ਜੂਟ ਦਾ ਥੈਲੇ ਦੀ ਵਰਤੋ ਕਰੋ,“3R” ਸਿਧਾਂਤ – ਘਟਾਓ,ਦੁਬਾਰਾ ਵਰਤੋਂ ਅਤੇ ਰੀਸਾਈਕਲ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਓ।

ਧਰਤੀ ਸਾਡੀ ਮਾਂ ਹੈ। ਉਹ ਕਦੇ ਗੁੱਸੇ ਵਿੱਚ ਨਹੀਂ ਆਉਂਦੀ, ਸਿਰਫ਼ ਸਾਨੂੰ ਚੇਤਾਉਂਦੀ ਹੈ ਗਰਮੀ ਦੀ ਤਪਸ਼ ਨਾਲ, ਹੜਾਂ ਦੀ ਚੀਖ ਨਾਲ, ਤੇ ਸੋਕੇ ਦੀ ਖਾਮੋਸ਼ੀ ਨਾਲ। ਹੁਣ ਸਮਾਂ ਹੈ ਕਿ ਅਸੀਂ ਉਸਦੀ ਸੁਣੀਏ, ਉਸਨੂੰ ਸਮਝੀਏ ਅਤੇ ਉਸਦੀ ਰੱਖਿਆ ਕਰੀਏ। ਧਰਤੀ ਸਾਡਾ ਘਰ ਹੈ,ਜੇ ਅਸੀਂ ਇਸ ਦੀ ਸੰਭਾਲ ਨਾ ਕੀਤੀ, ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਘਰ ਨੂੰ ਖੰਡਰਾਂ ‘ਚ ਲੱਭਣਗੀਆਂ। ਆਓ, ਅਸੀਂ ਵਿਗਿਆਨ ਦੀ ਰੌਸ਼ਨੀ ਨਾਲ ਪ੍ਰਕ੍ਰਿਤੀ ਦੀ ਰੱਖਿਆ ਦਾ ਵਾਅਦਾ ਕਰੀਏ। ਰੁੱਖ ਲਗਾਉਣ ਨਾਲ ਅਸੀਂ ਸਿਰਫ਼ ਆਕਸੀਜਨ ਨਹੀਂ, ਆਸ ਵੀ ਲਗਾਉਂਦੇ ਹਾਂ। 

ਆਓ, ਵਿਗਿਆਨ ਦੀ ਰੌਸ਼ਨੀ ਤੇ ਮਨੁੱਖਤਾ ਦੀ ਜ਼ਿੰਮੇਵਾਰੀ ਨਾਲ ਇੱਕ ਨਵਾਂ ਵਾਅਦਾ ਕਰੀਏ

“ਧਰਤੀ ਨੂੰ ਬਚਾਉਣਾ ਸਿਰਫ਼ ਪਰਿਵਰਤਨ ਨਹੀਂ, ਇਹ ਸਾਡੀ ਅਸਲੀ ਪ੍ਰਾਰਥਨਾ ਹੈ।”

ਵਿਵੇਕ ਸ਼ਰਮਾ, ਸਾਇੰਸ ਮਾਸਟਰ, ਸਰਕਾਰੀ ਮਿਡਲ ਸਕੂਲ ਗੱਗੋਂ

Leave a Comment

Your email address will not be published. Required fields are marked *

Scroll to Top