ਰੂਪਨਗਰ, 11ਅਕਤੂਬਰ : 68 ਵੀਆਂ ਅੰਤਰ ਜਿਲ੍ਹਾ ਸਕੂਲ ਖੇਡਾਂ ਹੈਂਡਬਾਲ ਅੰਡਰ 14 ਉਮਰ ਵਰਗ ਦੇ ਲੜਕੇ ਅਤੇ ਲੜਕੀਆਂ ਦੇ ਮੁਕਾਬਲੇ ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਸੰਪੰਨ ਹੋਏ । ਜ਼ਿਕਰ ਯੋਗ ਹੈ ਕਿ ਇਹ ਮੁਕਾਬਲੇ ਪਿਛਲੇ ਪੰਜ ਦਿਨਾਂ ਤੋਂ ਚੱਲ ਰਹੇ ਸਨ ਜਿਸ ਵਿੱਚ ਪਹਿਲਾਂ ਲੜਕਿਆਂ ਦੇ ਅਤੇ ਬਾਅਦ ਵਿੱਚ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ । ਲੜਕੀਆਂ ਦੇ ਵਰਗ ਦੇ ਵਿੱਚ ਫਾਈਨਲ ਮੁਕਾਬਲਾ ਬਠਿੰਡਾ ਅਤੇ ਹੁਸ਼ਿਆਰਪੁਰ ਜ਼ਿਲੇ ਦੀ ਟੀਮਾਂ ਦਰਮਿਆਨ ਖੇਡਿਆ ਗਿਆ। ਬਠਿੰਡੇ ਨੇ ਇਹ ਮੁਕਾਬਲਾ 6 ਦੇ ਮੁਕਾਬਲੇ 7 ਗੋਲਾਂ ਦੇ ਨਾਲ ਆਪਣੇ ਨਾਂ ਕਰ ਲਿਆ। ਤੀਜੇ ਸਥਾਨ ਦੇ ਮੈਚ ਦੇ ਲਈ ਰੂਪਨਗਰ ਨੇ ਫਿਰੋਜ਼ਪੁਰ ਨੂੰ ਇੱਕ ਰੋਚਕ ਮੁਕਾਬਲੇ ਦੇ ਵਿੱਚ 14 ਦੇ ਮੁਕਾਬਲੇ 15 ਗੋਲਾਂ ਦੇ ਫਰਕ ਨਾਲ ਹਰਾ ਦਿੱਤਾ। ਫਾਈਨਲ ਮੁਕਾਬਲੇ ਵਿੱਚ ਪ੍ਰਿੰਸੀਪਲ ਜਗਤਾਰ ਸਿੰਘ ਲੌਂਗੀਆ ਸਕੂਲ ਆਫ ਐਮੀਨੈਂਸ ਸ੍ਰੀ ਚਮਕੌਰ ਸਾਹਿਬ ਅਤੇ ਸ਼ਰਨਜੀਤ ਕੌਰ ਜਿਲ੍ਹਾ ਖੇਡ ਕੋਡੀਨੇਟਰ ਨੇ ਖਿਡਾਰੀਆਂ ਨਾਲ ਜਾਣ ਪਹਿਚਾਣ ਕੀਤੀ। ਸ੍ਰੀ ਸੰਜੀਵ ਗੌਤਮ ਜੀ ਜਿਲ੍ਹਾ ਸਿੱਖਿਆ ਅਫਸਰ, ਰੂਪਨਗਰ ਨੇ ਖਿਡਾਰੀਆਂ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਅਤੇ ਖਿਡਾਰੀਆਂ ਨੂੰ ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।


















