
ਸ਼੍ਰੀਮਤੀ ਨੋਰ੍ਹਾ ਰਿਚਰਡ ਦੀ ਪੰਜਾਬੀ ਰੰਗਮੰਚ ਨੂੰ ਦੇਣ- ਪ੍ਰੋ.ਈਸ਼ਵਰ ਚੰਦਰ ਨੰਦਾ ਸਾਨੂੰ ਆਪਣੇ ਸਵੈ ਸੰਵਾਦ ਰਾਹੀਂ ਜਾਣੂ ਕਰਵਾਉਂਦੇ ਹਨ। ਜੋ ਉਨ੍ਹਾਂ ਨੇ “ਸੁਭਦਰਾ” ਦੀ ਭੂਮਿਕਾ ਵਿੱਚ ਅੰਕਿਤ ਕੀਤਾ ਸੀ। ਉਹ ਕਹਿੰਦੇ ਹਨ ਕਿ ਜਦੋਂ ਮੈਂ ਦਿਆਲ ਸਿੰਘ ਕਾਲਜ ਲਾਹੌਰ ਦਾ ਵਿਦਿਆਰਥੀ ਸੀ।ਉਥੇ ਅੰਗਰੇਜ਼ੀ ਵਿਸ਼ੇ ਦੇ ਪ੍ਰੋ. ਏ.ਰਿਚਰਡ ਪੜ੍ਹਾਉਦੇ ਸਨ ਤੇ ਉਨ੍ਹਾ ਦੀ ਪਤਨੀ ਸ਼੍ਰੀਮਤੀ ਨੋਰ੍ਹਾ ਰਿਚਰਡ ਦੀ ਅਗਵਾਈ ਹੇਠ ਨਾਟਕ ਖੇਡੇ ਜਾਂਦੇ ਸਨ।ਸ਼੍ਰੀਮਤੀ ਨੋਰ੍ਹਾ ਰਿਚਰਡ ਨੂੰ ਸਟੇਜ ਉਤੇ ਨਾਟਕ ਦਿਖਾਉਣ ਦਾ ਬੇਹੱਦ ਸ਼ੌਂਕ ਸੀ ਅਤੇ ਜ਼ਿਆਦਾ ਸ਼ੈਕਸਪੀਅਰ ਦੇ ਨਾਟਕ ਹੀ ਸਟੇਜ ਉੱਤੇ ਕਰਾਉਂਦੇ ਸਨ।
ਸ਼੍ਰੀਮਤੀ ਨੋਰ੍ਹਾ ਰਿਚਰਡ ਜੀ ਨੂੰ ਨਾਟਕ ਲ਼ਿਖਣ ਦੀ ਸੱਚੀ ਲਗਨ ਸੀ। ਉਨ੍ਹਾਂ ਨੂੰ ਇੱਕ ਫੁਰਨਾ ਫੁਰਿਆ ਕਿ ਭਾਰਤ ਦੇ ਯੁਵਕਾਂ ਨੂੰ ਨਿਰੇ ਸ਼ੈਕਸਪੀਅਰ ਦੇ ਨਾਟਕ ਸਟੇਜ ਕਰਨ ਨਾਲ਼ ਕੋਈ ਨਿੱਜੀ ਸਾਹਿਤਕ ਲਾਭ ਨਹੀਂ ਮਿਲੇਗਾ,ਕਿਉਂ ਨਾ ਮੈਂ ਭਾਰਤ ਦੈ ਹਰ ਪਾਸਿਓ ਜ਼ਿੰਦਗੀ ਦੇ ਰੰਗ ਇਕੱਠੇ ਕਰਾਂ,ਉਨ੍ਹਾਂ ਦੀ ਮਾਤ-ਭਾਸ਼ਾ ਵਿੱਚ ਹਰ ਨਾਟਕ ਆਵੇ। ਇਸ ਫੁਰਨੇ ਨੂੰ ਜਾਮਾ ਪਹਿਨਾਉਣ ਲਈ ਉਨ੍ਹਾਂ ਆਪਣੀ-ਆਪਣੀ ਮਾਤ-ਭਾਸ਼ਾ ਵਿੱਚ ਇਕਾਂਗੀ ਰਚਣ ਦਾ ਇਨਾਮੀ ਮੁਕਾਬਲਾ ਸ਼ੁਰੂ ਕੀਤਾ।ਸੰਨ 1913 ਦੇ ਇਸ ਇਕਾਂਗੀ ਮੁਕਾਬਲੇ ਵਿੱਚ ਪੰਜਾਬੀ ਭਾਸ਼ਾ ਵਿੱਚ ਰਚਿਆ ਇਕਾਂਗੀ “ਦੁਲਹਨ” ਸ਼੍ਰੀਮਤੀ ਨੋਰ੍ਹਾ ਰਿਚਰਡ ਦੀ ਪ੍ਰੇਰਨਾ ਸਦਕਾ ਹੀ ਹੋਂਦ ਵਿੱਚ ਆਇਆ ਸੀ। ਲਾਹੌਰ ਤੋਂ ਛਪਦੇ ਅੰਗਰੇਜੀ ਰੋਜ਼ਾਨਾ ਅਖਬਾਰ ਸਿਵਲ ਐਂਡ ਮਿਲਟਰੀ ਗਜ਼ਟ ਨੇ ਆਪਣੇ 7 ਅਪ੍ਰੈਲ 1914 ਵਾਲੇ ਪਰਚੇ ਵਿੱਚ ਇਸ ਭਰਭੂਰ ਪ੍ਰਸ਼ੰਸਾ ਦਿਆਲ ਸਿੰਘ ਕਾਲਜ ਵਾਲ਼ੀ ਪੇਸ਼ਕਾਰੀ ਦੇ ਅਧਾਰਿਤ ਕੀਤੀ ਤੇ ਇਸ ਪੇਸ਼ਕਾਰੀ ਨੂੰ ਪੰਜਾਬੀ ਰੰਗ-ਮੰਚ ਦਾ ਜਨਮ ਦਸਿਆ। ਸ਼੍ਰੀਮਤੀ ਨੋਰ੍ਹਾ ਰਿਚਰਡ ਨੇ ਸਰਸਵਤੀ ਕਲੱਬ ਬਣਾਈ, ਜਿਸ ਵਿੱਚ ਉਨ੍ਹਾਂ ਨੇ ਨਾਟਕ ਲਿਖਣ ਦੇ ਨਾਲ਼ -ਨਾਲ਼ ਨਾਟਕ ਦੇ ਮੰਚਣ ਬਾਰੇ ਵੀ ਸਿਖਲਾਈ ਦੇਣੀ ਸ਼ੁਰੂ ਕੀਤੀ। ਸਰਸਵਤੀ ਕਲੱਬ ਵੱਲੋਂ ਨਾਟਕ ਪ੍ਰਦਰਸ਼ਿਤ ਵੀ ਕੀਤੇ ਜਾਂਦੇ ਸਨ। ਨੋਰ੍ਹਾ ਰਿਚਰਡ ਵੱਲੋਂ “ਦੁਲਹਨ” ਪ੍ਰੋ. ਨੰਦਾ ਦੇ ਨਾਟਕ ਨੂੰ ਫ਼ਾਰਸੀ ਲਿੱਪੀ ਵਿੱਚ ਛਾਪ ਕੇ ਦਰਸ਼ਕਾਂ ਨੂੰ ਮੁਫ਼ਤ ਵੰਡਿਆ ਗਿਆ। ਅਸੀਂ ਵੇਖਿਆ ਕਿ ਮੈਡਮ ਰਿਚਰਡ ਨੇ ਪੰਜਾਬੀ ਰੰਗ-ਮੰਚ ਨੂੰ ਪੈਰ੍ਹਾ ਸਿਰ ਕੀਤਾ। ਪੰਜਾਬੀ ਭਾਸ਼ਾ ਵਿੱਚ ਨਾਟਕ ਲਿਖਵਾਉਣ ਦਾ ਮੁੱਢ ਵੀ ਨੋਰ੍ਹਾ ਰਿਚਰਡ ਜੀ ਵੱਲੋਂ ਬੰਨ੍ਹਿਆ ਗਿਆ। ਨਾਟਕ ਨੂੰ ਸਟੇਜ ਉੱਪਰ ਕਿਸ ਤਰ੍ਹਾਂ ਪੇਸ਼ ਕਰਨਾ ਉਨ੍ਹਾਂ ਵੱਲੋਂ ਸਿਖਲਾਈ ਦਿੱਤੀ ਗਈ। ਅੱਜ ਵਿਸ਼ਵ ਰੰਗਮੰਚ ਦਿਵਸ ‘ਤੇ ਪੰਜਾਬੀ ਨਾਟਕ ਦੀ ਨੱਕੜ ਦਾਦੀ ਨੂੰ ਯਾਦ ਕਰਨਾ ਸਾਡਾ ਇਖ਼ਲਾਕੀ ਫ਼ਰਜ਼ ਹੈ।
ਤੇਜਿੰਦਰ ਸਿੰਘ ਬਾਜ਼
9872074034