ਅਮਲੋਹ, 30 ਨਵੰਬਰ: ਅੱਜ ਸਵੇਰ ਦੀ ਸਭਾ ਵਿਚ ਸਕੂਲ ਪ੍ਰਿੰਸੀਪਲ ਇਕਬਾਲ ਸਿੰਘ ਨੇ, ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਦੀ ਮੌਜ਼ੂਦਗੀ ਵਿਚ ਬਹੁਤ ਹੀ ਮਾਣ ਨਾਲ ਦੱਸਿਆ ਕਿ 26 ਨਵੰਬਰ 2024 ਨੂੰ, ਵਿਦਿਆਰਥੀ ਅਨਿਰੁਧ ਸ਼ਰਮਾ ਪੁੱਤਰ ਮਾਸਟਰ ਰਾਜੇਸ਼ ਕੁਮਾਰ , ਜੋ ਕਿ ਇਸ ਸਰਕਾਰੀ ਸਕੂਲ ਦੀ ਕਲਾਸ ਨੌਵੀਂ ਵਿਚ ਪੜਦਾ ਹੈ, ਨੇ ਨਹਿਰੂ ਸਾਇੰਸ ਸੈਂਟਰ, ਮੁੰਬਈ ਵਿੱਚ ਆਯੋਜਿਤ ਰਾਸ਼ਟਰੀ ਵਿਗਿਆਨ ਸੈਮੀਨਾਰ 2024 ਵਿੱਚ ਪੰਜਾਬ ਰਾਜ ਦਾ ਪ੍ਰਤੀਨਿਧਿਤਵ ਆਪਣੇ ਗਾਈਡ ਅਧਿਆਪਕ ਮਨਿੰਦਰ ਸਿੰਘ ਨਾਲ ਕੀਤਾ ਅਤੇ ਨੈਂਸ਼ਨਲ ਰਨਰ ਅੱਪ ਦਾ ਖਿਤਾਬ ਜਿੱਤਿਆ।
ਇਹ ਸੈਮੀਨਾਰ ਰਾਸ਼ਟਰੀ ਸਾਇੰਸ ਮਿਊਜ਼ੀਅਮ ਕੌਂਸਲ, ਕਲਚਰਲ ਮੰਤਰਾਲਾ, ਭਾਰਤ ਸਰਕਾਰ ਵੱਲੋਂ ਮੁੰਬਈ ਵਿਖੇ ਆਯੋਜਿਤ ਕੀਤਾ ਗਿਆ ਸੀ। ਇਸ ਸੈਮੀਨਾਰ ਦਾ ਵਿਸ਼ਾ “ਕ੍ਰਿਤੀਮ ਬੁੱਧੀ – ਸੰਭਾਵਨਾਵਾਂ ਅਤੇ ਚਿੰਤਾਵਾਂ” ਸੀ।
ਅਨਿਰੁਧ ਸ਼ਰਮਾ ਨੇ ਭਾਰਤ ਦੇ 28 ਰਾਜਾਂ ਅਤੇ 8 ਯੂਨੀਅਨ ਟੇਰੀਟਰੀਜ਼ ਦੇ ਸਟੇਟ-ਪੱਧਰੀ ਜੇਤੂ ਵਿਦਿਆਰਥੀਆਂ ਨਾਲ ਮੁਕਾਬਲਾ ਕੀਤਾ ਅਤੇ ਰਾਸ਼ਟਰੀ ਰੰਨਰ-ਅਪ ਪੋਜ਼ੀਸ਼ਨ ਅਤੇ 24000 ਰੁਪਏ ਦੀ ਸ਼ਕਾਲਰਸ਼ਿਪ ਜਿੱਤੀ। ਇਹ ਪ੍ਰਾਪਤੀ ਪੰਜਾਬ ਸਰਕਾਰ ਦੇ ਸਕੂਲ ਆਫ ਐਮੀਨੈਂਸ ਸਕੂਲਾਂ ਦੀ ਸ਼ਾਨ ਅਤੇ ਇਹਨਾਂ ਸਕੂਲਾਂ ਵਿਚ ਕਰਵਾਈ ਜਾ ਰਹੀ ਉਚ–ਕੋਟਿ ਦੀ ਪੜਾਈ ਅਤੇ ਇਹਨਾਂ ਸਕੂਲਾਂ ਵਿਚ ਮੌਜੂਦ ਮਾਡਰਨ ਸਹੂਲਤਾਂ ਦੀ ਮੂੰਹ ਬੋਲਦੀ ਤਸਵੀਰ ਹੈ।
ਇਹ ਸਫਲਤਾ ਐਸਸੀਈਆਰਟੀ ਪੰਜਾਬ ਦੇ ਸਮਰਥਨ ਨਾਲ ਸੰਭਵ ਹੋਈ ਹੈ। ਮਨਿੰਦਰ ਸਿੰਘ, ਜੋਕਿ ਵਿਦਿਆਰਥੀ ਦੇ ਗਾਈਡ ਅਧਿਆਪਕ ਹਨ ਅਤੇ ਸਕੂਲ ਵਿਚ ਕੰਪਿਊਟਰ ਫੈਕਲਟੀ ਵੱਜੋਂ ਸੇਵਾ ਨਿਭਾ ਰਹੇ ਹਨ ਅਤੇ ਜ਼ਿਲ੍ਹੇ ਦੇ ਕੰਪਿਊਟਰ ਸਾਇੰਸ ਦੇ ਡੀਐਮ ਵੀ ਹਨ, ਨੇ ਦੱਸਿਆ ਕਿ ਐਸਸੀਈਆਰਟੀ ਪੰਜਾਬ ਹੈਡ ਆਫਿਸ ਦੇ ਅਧਿਕਾਰੀ ਡਾ ਰਮਿੰਦਰਜੀਤ ਕੌਰ ਜੀ ਦੀ ਕੋਆਪਰੇਸ਼ਨ ਅਤੇ ਕੋਆਰਡੀਨੇਸ਼ਨ ਬਹੁਤ ਹੀ ਸਹਾਇਕ ਸਿੱਧ ਹੋਈ ਹੈ, ਨਾਲ ਹੀ ਉਹਨਾਂ ਦੱਸਿਆ ਕਿ ਪਹਿਲਾਂ ਸਕੂਲ ਲੈਵਲ, ਫੇਰ ਬਲਾਕ ਅਤੇ ਜ਼ਿਲ੍ਹਾ ਲੈਵਲ ਅਤੇ ਫੇਰ ਰਾਜ ਪੱਧਰ ਲੈਵਲ ਤੇ ਜੇਤੂ ਰਹੰਦਿਆਂ ਵਿਦਿਆਰਥੀ ਅਨੁਰੱਧ ਸ਼ਰਮਾ ਨੇ ਮੁੰਬਈ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਰਕਾਰੀ ਸਕੂਲਾਂ ਅਤੇ ਪੰਜਾਬ ਰਾਜ ਲਈ ਬੇਅੰਤ ਮਾਣ ਖੱਟ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ, ਇਸ ਮੁਕਾਬਲੇ ਵਿਚ ਵਿਦਿਆਰਥੀ ਅਨਿਰੁੱਧ ਸ਼ਰਮਾ ਅਤੇ ਗਾਈਡ ਅਧਿਆਪਕ ਮਨਿੰਦਰ ਸਿੰਘ ਮਿਤੀ 23.11.2024 ਨੂੰ ਰੇਲਗੱਡੀ ਵਿਚ ਮੁਕਾਬਲੇ ਵਿਚ ਭਾਗ ਲੈਣ ਲਈ ਰਵਾਨਾ ਹੋਏ ਅਤੇ ਮਿਤੀ 29.11.2024 ਨੂੰ ਜਿੱਤ ਕੇ ਵਾਪਿਸ ਪਰਤੇ। ਇਸ ਅਸਧਾਰਣ ਪ੍ਰਾਪਤੀ ਪ੍ਰਿੰਸੀਪਲ ਇਕਬਾਲ ਸਿੰਘ, ਗਾਈਡ ਅਧਿਆਪਕ ਮਨਿੰਦਰ ਸਿੰਘ, ਕਲਾਸ ਇੰਚਾਰਜ਼ ਅਤੇ ਵਿਸ਼ਾ ਅਧਿਆਪਕ ਸਹਿਬਾਨ ਅਤੇ ਸਮੂਹ ਸਟਾਫ਼ ਮੈਂਬਰਜ਼ ਅਤੇ ਚੇਅਰਮੈਨ ਐਸਐਮਸੀ ਕਮੇਟੀ ਅਤੇ ਸਮੂਹ ਮੈਂਬਰਜ਼ ਦੇ ਸਹਿਯੋਗ ਨਾਲ ਹੀ ਸੰਭਵ ਹੋਈ ਹੈ।
ਇਥੇ ਵਰਨਣ ਯੋਗ ਹੈ ਕਿ ਵਿ ਸਮੇਂ ਸਮੇਂ ਤੇ ਵਿਦਿਆਰਥੀ ਦੀ ਤਿਆਰੀ ਦਾ ਜਾਇਜ਼ਾ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ਼ੁਸ਼ੀਲ ਨਾਥ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਦੀਦਾਰ ਸਿੰਘ ਮਾਂਗਟ, ਫਤਹਿਗੜ੍ਹ ਸਾਹਿਬ ਵੱਲੋਂ ਨਿਜੀ ਤੌਰ ਤੇ ਲਿਆ ਜਾਂਦਾ ਰਿਹਾ ਅਤੇ ਉਹਨਾਂ ਵੱਲੋਂ ਵਿਦਿਆਰਥੀ ਨੂੰ ਵਿਸ਼ੇਸ਼ ਸਹਿਯੋਗ ਪ੍ਰਦਾਨ ਕੀਤਾ ਗਿਆ ਜਿਸ ਨਾਲ ਵਿਦਿਆਰਥੀ ਅਨਿਰੁੱਧ ਸ਼ਰਮਾ ਦਾ ਹੌਂਸਲਾ ਬਹੁਤ ਵੱਧਿਆ ਅਤੇ ਉਸਨੂੰ ਹੋਰ ਮਿਹਨਤ ਕਰਨ ਦੀ ਪ੍ਰੇਰਨਾ ਮਿਲੀ।
ਅੱਜ ਮਿਤੀ 30–11–2024 ਨੂੰ ਸਕੂਲ ਵਿੱਚ ਸਵੇਰ ਦੀ ਸਭਾ ਦੌਰਾਨ ਵਿਦਿਆਰਥੀ ਅਨਿਰੁੱਧ ਸ਼ਰਮਾ ਅਤੇ ਗਾਈਡ ਅਧਿਆਪਕ ਮਨਿੰਦਰ ਸਿੰਘ ਜੀ ਦਾ ਸਮੂਹ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਬਹੁਤ ਹੀ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਇਹਨਾਂ ਦਾ ਮਾਣ ਟਰੋਫ਼ੀਜ਼ ਅਤੇ ਮੈਡਲ ਦੇਕੇ ਉਚੇਚਾ ਸਨਮਾਨ ਕੀਤਾ ਗਿਆ। ਸਵੇਰ ਦੀ ਸਭਾ ਦੌਰਾਨ ਵਿਦਿਆਰਥੀ ਅਨਿਰੁੱਧ ਸ਼ਰਮਾ, ਉਸ ਨਾਲ ਆਏ ਉਸਦੇ ਪਰਿਵਾਰਕ ਮੈਂਬਰ, ਇਲਾਕੇ ਦੇ ਪਤਵੰਤੇ ਸੱਜਣਾਂ ਦਾ ਨਿੱਘਾ ਸਵਾਗਤ ਸਕੂਲ ਮੈਨਜਮੈਂਟ ਕਮੇਟੀ ਦੇ ਚੇਅਰਮੈਨ ਅਤੇ ਮੈਂਬਰਜ਼ ਨੇ ਸਕੂਲ ਸਟਾਫ਼ ਨਾਲ ਮਿਲ ਕਰਕੇ ਕੀਤਾ।
ਵਿਦਿਆਰਥੀ ਅਨਿਰੁੱਧ ਸ਼ਰਮਾ ਨੇ ਆਪਣੀ ਨੈਸ਼ਨਲ ਪੱਧਰ ਦੀ ਪ੍ਰਾਪਤੀ ਦਾ ਸੇਹਰਾ ਗਾਈਡ ਅਧਿਆਪਕ ਮਨਿੰਦਰ ਸਿੰਘ ਦੀ ਅਣਥੱਕ ਮਿਹਨਤ, ਬਹੁਤ ਵਧੀਆ ਗਾਈਡੈਂਸ, ਸਕੂਲ ਪ੍ਰਿੰਸੀਪਲ ਇਕਬਾਲ ਸਿੰਘ, ਸਕੂਲ ਸਟਾਫ਼ ਅਤੇ ਆਪਣੇ ਮਾਤਾ ਪਿਤਾ ਨੂੰ ਦਿੱਤਾ। ਵਿਦਿਆਰਥੀ ਦੇ ਪਿਤਾ ਨੇ ਸਟੇਜ਼ ਤੋਂ ਬੋਲਦੇ ਕਿਹਾ ਕਿ ਇਸ ਨੈਸ਼ਨਲ ਲੈਵਲ ਦੀ ਪ੍ਰਾਪਤੀ ਨਾਲ ਹੋਰਾਂ ਵਿਦਿਆਰਥੀਆਂ ਨੂੰ ਵੱਧ ਮਿਹਨਤ ਕਰਨ ਦੀ ਸੇਧ ਮਿਲੇਗੀ ਅਤੇ ਉਹ ਆਪਣਾ ਭਵਿੱਖ ਚੰਗਾ ਬਣਾ ਸਕਣਗੇ। ਉਹਨਾਂ ਵੱਲੋਂ ਸਕੂਲ ਪ੍ਰਿੰਸੀਪਲ, ਗਾਈਡ ਅਧਿਆਪਕ ਮਨਿੰਦਰ ਸਿੰਘ ਅਤੇ ਸਮੂਹ ਸਟਾਫ਼ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਦਾ ਦਿੱਲੋਂ ਧੰਨਵਾਦ ਕੀਤਾ ਗਿਆ।ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬਲਦੇਵ ਸੇਢਾ, ਸਮਾਜ ਸੇਵਕ ਪ੍ਰੇਮ ਚੰਦ ਸ਼ਰਮਾ, ਰਾਜੇਸ਼ ਕੁਮਾਰ, ਸਿਕੰਦਰ ਸਿੰਘ ਗੋਗੀ, ਸਲੋਨੀ ਭਾਗੀ, ਮੁਕੇਸ਼ ਕੁਮਾਰ, ਜੈਨੀਫਰ, ਹੈਪੀ ਧੀਰ, ਸਰਬਜੋਤ ਸਿੰਘ, ਸੰਤ ਰਾਮ, ਆਦਿ ਹਾਜ਼ਰ ਸਨ।
Anirudh Sharma, a student of School of Eminence, Amloh, has been the runner-up at the national level
Google News