ਰੂਪਨਗਰ, 07 ਅਕਤੂਬਰ: ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਹਿਮਾਂਸ਼ੂ ਜੈਨ ਨੇ ਅੱਜ ਰੋਪੜ ਵਿਖੇ ਨਹਿਰੂ ਸਟੇਡੀਅਮ ਨੇੜੇ ਸਰਹਿੰਦ ਨਹਿਰ ਉੱਤੇ ਬਣਾਏ ਜਾ ਰਹੇ ਪੁੱਲ ਦੀ ਉਸਾਰੀ ਦਾ ਨਿਰੀਖਣ ਕਰਦਿਆਂ ਕਾਰਜ ਨੂੰ 30 ਨਵੰਬਰ ਤੱਕ ਹਰ ਹੀਲੇ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਅਤੇ ਰਾਸ਼ਟਰੀ ਰਾਜ ਮਾਰਗ ਡਿਵੀਜ਼ਨ ਨੂੰ ਹਫਤਾਵਾਰ ਪ੍ਰਗਤੀ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ।
ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਵਿਭਾਗ ਦੇ ਅਧਿਕਾਰੀਆਂ ਅਤੇ ਕੰਪਨੀ ਦੇ ਨੁਮਾਇੰਦਿਆਂ ਨੂੰ ਚੱਲ ਰਹੇ ਕਾਰਜਾਂ ਵਿੱਚ ਤੇਜੀ ਲਿਆਉਣ ਦੀਆਂ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਪੁੱਲ ਦੇ ਰਿਟੇਨਿੰਗ ਵਾਲ ਦੇ ਕਾਰਜ ਨੂੰ ਨਿਯਮਤ ਪ੍ਰਕੀਰਿਆ ਅਧੀਨ ਬਿਨਾਂ ਦੇਰੀ ਮੁਕੰਮਲ ਕੀਤਾ ਜਾਵੇ ਜਿਸ ਦੇ ਨਾਲ ਹੀ ਪੁੱਲ ਦੀ ਲਾਈਟਿੰਗ ਅਤੇ ਹੋਰ ਸਬੰਧਿਤ ਕਾਰਜਾਂ ਨੂੰ ਹਫਤਾਵਾਰ ਟੀਚੇ ਅਨੁਸਾਰ ਨੇਪਰੇ ਚਾੜਿਆ ਜਾਵੇ।
ਸ਼੍ਰੀ ਹਿਮਾਂਸ਼ੂ ਜੈਨ ਨੇ ਕਿਹਾ ਕਿ ਸਰਹੰਦ ਨਹਿਰ ਉਤੇ ਉਸਾਰੇ ਜਾ ਰਹੇ ਇਸ ਚਾਰ ਲੇਨ ਪੁੱਲ ਦੇ ਚੱਲਣ ਨਾਲ ਜਿੱਥੇ ਦਰਜਨਾਂ ਪਿੰਡ ਵਾਸੀਆਂ ਅਤੇ ਦੁਆਬੇ ਦੇ ਇਲਾਕੇ ਸਮੇਤ ਨੂਰਪੁਰ ਬੇਦੀ ਇਲਾਕੇ ਨੂੰ ਵੀ ਵੱਡੀ ਰਾਹਤ ਮਿਲੇਗੀ ਉਥੇ ਹੀ ਸ਼ਹਿਰ ਦੀ ਟ੍ਰੈਫਿਕ ਵਿਚ ਵੀ ਸੁਧਾਰ ਹੋਵੇਗਾ। ਇਨ੍ਹਾਂ ਤੱਥਾਂ ਨੂੰ ਧਿਆਨ ਵਿਚ ਰੱਖਦੇ ਹੋਏ ਉਹ ਨਿੱਜੀ ਤੌਰ ਉਤੇ ਹਰ ਹਫਤੇ ਇਸ ਪੁੱਲ ਦੀ ਉਸਾਰੀ ਸਬੰਧੀ ਪ੍ਰਗਤੀ ਰਿਪੋਰਟ ਦਾ ਨਿਰੀਖਣ ਕਰਨਗੇ।
ਡਿਪਟੀ ਕਮਿਸ਼ਨਰ ਨੇ ਸੈਰ ਸਪਾਟਾ ਦੇ ਦ੍ਰਿਸ਼ਟੀਕੋਣ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਸ ਪੁੱਲ ਦੇ ਮੁਕੰਮਲ ਹੋਣ ਨਾਲ ਸਤਲੁਜ ਦਰਿਆ ਵਿਖੇ ਸਥਿਤ ਸਤਦਰੀ ਆਈਲੈਂਡ ਪਾਰਕ ਵਿਚ ਸੈਰ ਸਪਾਟਾ ਨੂੰ ਵੀ ਹੁੰਗਾਰਾ ਮਿਲੇਗਾ। ਇਸ ਤੋਂ ਇਲਾਵਾ ਜਲਦ ਹੀ ਸਤਲੁਜ ਦਰਿਆ ਵਿਖੇ ਮੁੜ ਤੋਂ ਵੋਟਿੰਗ ਵੀ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਨਾਲ ਸ਼ਹਿਰ ਦੀ ਸੁੰਦਰਤਾ ਵਿਚ ਹੋਰ ਵਾਧਾ ਹੋਵੇਗਾ।
ਰਾਸ਼ਟਰੀ ਰਾਜ ਮਾਰਗ ਡਿਵੀਜ਼ਨ ਵਲੋਂ ਦੱਸਿਆ ਗਿਆ ਕਿ 135 ਮੀਟਰ ਲੰਮੇ ਸਟੀਲ ਪੁੱਲ ਨੂੰ ਬਣਾਉਣ ਉੱਤੇ ਕੁੱਲ 52.77 ਕਰੋੜ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਉਸਾਰੀ ਅਧੀਨ ਸਟੀਲ ਪੁੱਲ ਦੀ ਜਾਣਕਾਰੀ ਦਿੰਦਿਆ ਦੱਸਿਆਂ ਕਿ ਇਸ ਦੀ ਲੰਬਾਈ 135 ਮੀਟਰ ਹੈ ਜਦਕਿ ਪ੍ਰੋਜੈਕਟ ਦੀ ਕੁੱਲ ਲੰਬਾਈ 285 ਮੀਟਰ ਹੈ ਜੋ ਕਿ ਚਾਰ ਮਾਰਗੀ ਹੋਵੇਗਾ ਅਤੇ ਇਸ ਉੱਪਰ 1.5 ਮੀਟਰ ਚੌੜਾ ਫੁੱਟਪਾਥ ਵੀ ਬਣਾਇਆ ਜਾ ਰਿਹਾ ਹੈ ਤੇ ਨਾਲ ਹੀ ਲਾਈਟਾਂ ਵੀ ਲਗਾਈਆ ਜਾ ਰਹੀਆਂ ਹਨ।
ਡਿਪਟੀ ਕਮਿਸ਼ਨਰ ਨੇ ਸਰਹਿੰਦ ਨਹਿਰ ‘ਤੇ ਬਣਾਏ ਜਾ ਰਹੇ ਸਟੀਲ ਪੁੱਲ ਦੀ ਉਸਾਰੀ ਦੀ ਹਫਤਵਾਰ ਪ੍ਰਗਤੀ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ